ਕਪੂਰਥਲਾ ’ਚ ਨਗਰ ਨਿਗਮ ਨਹੀਂ ਨਰਕ ਨਿਗਮ ਬਣਿਆ : ਵਾਲੀਆ
ਵਾਰਡ-19 ਦੀ ਹਾਲਤ ਦੇਖ ਕੇ ਜੇਕਰ ਨਗਰ ਨਿਗਮ ਨੂੰ ਨਰਕ ਨਿਗਮ ਕਿਹਾ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ : ਐਚ.ਐਸ ਵਾਲੀਆ
Publish Date: Sun, 01 Feb 2026 07:43 PM (IST)
Updated Date: Sun, 01 Feb 2026 07:46 PM (IST)

-ਵਾਰਡ-19 ਦੀ ਹਾਲਤ ਦੇਖ ਕੇ ਇਹ ਸੱਚ ਲੱਗਦਾ -ਵਾਲੀਆ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਇਕੋ ਪਾਰਟੀ ਦੇ 47 ਕੌਂਸਲਰ ਹੋਣ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕੂੜਾ, ਸੀਵਰੇਜ, ਅਵਾਰਾ ਪਸ਼ੂ ਤੇ ਟੁੱਟੀਆਂ ਸੜਕਾਂ ਨਗਰ ਨਿਗਮ ਦੀ ਲਾਪਰਵਾਹੀ ਨੂੰ ਸਾਬਤ ਕਰਦੀਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਕਈ ਵਾਰਡਾਂ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਜੋ ਸਫਾਈ, ਸਿਹਤ ਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀ ਹੈ। ਕਪੂਰਥਲਾ ਨਗਰ ਨਿਗਮ ਦੇ ਵਾਰਡ 19 ਵਿਚ ਇਕ ਕਲੋਨੀ ਵਿਚ ਕਈ ਦਿਨਾਂ ਤੋਂ ਸੀਵਰੇਜ ਖੁੱਲ੍ਹੇਆਮ ਵਹਿ ਰਿਹਾ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਖੁੱਲ੍ਹਾ ਸੀਵਰੇਜ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਪਰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਸਮੱਸਿਆ ਦੀ ਹੱਦ ਨੂੰ ਜਾਣਨ ਦੇ ਬਾਵਜੂਦ ਅਣਜਾਣ ਹਨ। ਇਸ ਸਮੱਸਿਆ ਤੋਂ ਪ੍ਰੇਸ਼ਾਨ ਵਸਨੀਕਾਂ ਨੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨਾਲ ਸੰਪਰਕ ਕੀਤਾ ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਾਲੀਆ ਮੌਕੇ ’ਤੇ ਪਹੁੰਚੇ ਤੇ ਵਸਨੀਕਾਂ ਦੀ ਦੁਰਦਸ਼ਾ ਵੇਖੀ। ਨਗਰ ਨਿਗਮ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਹਲਕਾ ਵਿਧਾਇਕ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸ਼ਹਿਰ ਵਿਚ ਵਿਕਾਸ ਕਿਥੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕੋ ਪਾਰਟੀ ਦੇ 47 ਕੌਂਸਲਰ ਹੋਣ ਦੇ ਬਾਵਜੂਦ, ਵਾਰਡ 19 ਦੀ ਹਾਲਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਨਗਰ ਨਿਗਮ ਨੂੰ ਨਰਕ ਨਿਗਮ ਕਹਿਣਾ ਅਤਿਕਥਨੀ ਨਹੀਂ ਹੋਵੇਗੀ। ਇਸ ਮੌਕੇ ਐੱਚਐੱਸ ਵਾਲੀਆ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਵਾਰਡ ਨੰਬਰ 19 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੀਵਰੇਜ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰੇਗਾ ਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਅਜੈ ਬਬਲਾ, ਸੁਖਦੇਵ ਸਿੰਘ ਨਾਨਕਪੁਰ, ਵਾਰਡ ਇੰਚਾਰਜ ਦਿਨੇਸ਼ ਕੁਮਾਰ, ਅਜੈਪਾਲ ਸਿੰਘ, ਰਵੀ ਕੁਮਾਰ, ਵਿਕਰਮ ਤੇਜੀ, ਰਜਨੀ ਬਾਲਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।