ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਜ਼ਹਿਰੀਲੇ ਤੱਤਾਂ ਦੇ ਕੈਂਸਰ ਨਾਲ ਮਹਿਲਾਵਾਂ ਦੀ ਮੌਤ ਦਾ ਮੁੱਦਾ
ਰਾਜ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਅੱਜ ਸੂਬੇ ਵਿੱਚ ਜ਼ਹਿਰੀਲੇ ਤੱਤਾਂ ਦੇ ਪ੍ਰਦੂਸ਼ਣ ਕਾਰਨ ਵੱਧ ਰਹੀਆਂ ਕੈਂਸਰ ਦੀਆਂ ਬਿਮਾਰੀਆਂ ਅਤੇ ਮਹਿਲਾਵਾਂ ਦੀ ਮੌਤ ਦਾ ਮੁੱਦਾ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋ ਜ਼ੋਰ-ਸ਼ੋਰ ਨਾਲ ਉਠਾਇਆ ਗਿਆ।
Publish Date: Sat, 14 Feb 2026 07:01 PM (IST)
Updated Date: Sat, 14 Feb 2026 07:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡਡਵਿੰਡੀ : ਰਾਜ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਅੱਜ ਸੂਬੇ ਵਿੱਚ ਜ਼ਹਿਰੀਲੇ ਤੱਤਾਂ ਦੇ ਪ੍ਰਦੂਸ਼ਣ ਕਾਰਨ ਵੱਧ ਰਹੀਆਂ ਕੈਂਸਰ ਦੀਆਂ ਬਿਮਾਰੀਆਂ ਅਤੇ ਮਹਿਲਾਵਾਂ ਦੀ ਮੌਤ ਦਾ ਮੁੱਦਾ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਇਸ ਮੌਕੇ ਐਮ.ਪੀ ਸੰਤ ਬਲਬੀਰ ਸਿੰਘ ਨੇ ਰਾਜ ਸਭਾ ਵਿੱਚ ਇਹ ਗੰਭੀਰ ਮਸਲਾ ਚੁੱਕਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਜ਼ਮੀਨ ਕਾਰਨ ਕੈਂਸਰ ਦੇ ਮਾਮਲੇ ਚਿੰਤਾਜਨਕ ਤਰੀਕੇ ਨਾਲ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਕਈ ਪਰਿਵਾਰ ਇਸ ਬਿਮਾਰੀ ਕਾਰਨ ਬਰਬਾਦ ਹੋ ਰਹੇ ਹਨ ਅਤੇ ਖ਼ਾਸ ਕਰਕੇ ਮਹਿਲਾਵਾਂ ਇਸਦਾ ਵੱਧ ਸ਼ਿਕਾਰ ਬਣ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਮੈਡੀਕਲ ਕੈਂਪ ਲਗਾਏ ਜਾਣ, ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਉਦਯੋਗਿਕ ਇਕਾਈਆਂ ਵੱਲੋਂ ਹੋ ਰਹੇ ਪ੍ਰਦੂਸ਼ਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਸੰਤ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੈਂਸਰ ਮਰੀਜ਼ਾਂ ਲਈ ਖ਼ਾਸ ਸਹਾਇਤਾ ਯੋਜਨਾਵਾਂ ਚਲਾਈਆਂ ਜਾਣ ਅਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਸਿਰਫ਼ ਸਿਹਤ ਦਾ ਨਹੀਂ, ਸਗੋਂ ਮਨੁੱਖੀ ਹੱਕਾਂ ਦਾ ਮਾਮਲਾ ਹੈ ਅਤੇ ਇਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਸਭਾ ਵਿੱਚ ਇਸ ਮਸਲੇ ‘ਤੇ ਹੋਰ ਮੈਂਬਰਾਂ ਨੇ ਵੀ ਆਪਣੀ ਰਾਏ ਦਿੱਤੀ ਅਤੇ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।