ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ : ਸਹੋਤਾ
ਡਾ. ਬੀ.ਆਰ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਸੁਰੱਖਿਆ ਤੇ ਸੁੰਦਰਤਾ ਦੇ ਪ੍ਰਬੰਧ ਕੀਤੇ ਜਾਣ : ਅਮਨਦੀਪ ਸਹੋਤਾ
Publish Date: Thu, 26 Mar 2026 08:48 PM (IST)
Updated Date: Thu, 26 Mar 2026 08:50 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : 14 ਅਪ੍ਰੈਲ ਨੂੰ ਡਾ. ਬੀਆਰ ਅੰਬੇਡਕਰ ਜੀ ਦਾ 136ਵਾਂ ਜਨਮ ਦਿਵਸ ਦੇਸ਼-ਵਿਦੇਸ਼ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਣਾ ਹੈ। ਇਸ ਸਬੰਧੀ ਭੀਮ ਰਾਓ ਯੁਵਾ ਫੋਰਸ ਦੇ ਪ੍ਰਮੁੱਖ ਅਮਨਦੀਪ ਸਹੋਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਐੱਸਐੱਸਪੀ ਕਪੂਰਥਲਾ ਤੇ ਨਗਰ ਨਿਗਮ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਕਪੂਰਥਲਾ ਵਿਚ ਜਿਥੇ-ਜਿਥੇ ਬਾਬਾ ਸਾਹਿਬ ਦੀਆਂ ਮੂਰਤੀਆਂ ਸਥਾਪਤ ਹਨ, ਉਨ੍ਹਾਂ ਦੇ ਜਨਮ ਦਿਵਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁੰਦਰਤਾ ਤੇ ਸਾਫ-ਸੁਥਰਾਈ ਦਾ ਵਿਸ਼ੇਸ਼ ਪ੍ਰਬੰਧ ਕਰੇ। ਅਪ੍ਰੈਲ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ’ਤੇ ਵੱਡੇ ਪੱਧਰ ’ਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਜਿਥੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਅਮਨਦੀਪ ਸਹੋਤਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵੀ ਸਾਹਮਣੇ ਆਈਆਂ ਹਨ, ਜਿਵੇਂ ਕਿ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਸਮਾਗਮਾਂ ਵਿਚ ਖਲਲ ਪਾਉਣਾ, ਜਿਸ ਨਾਲ ਸਮਾਜ ਵਿਚ ਨਫਰਤ ਤੇ ਅਸ਼ਾਂਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ 1 ਅਪਰੈਲ ਤੋਂ ਹੀ ਜ਼ਿਲ੍ਹੇ ਵਿਚ ਲੱਗੀਆਂ ਬਾਬਾ ਸਾਹਿਬ ਦੀਆਂ ਮੂਰਤੀਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਜਿਥੇ-ਜਿਥੇ ਜਨਮ ਦਿਵਸ ਸਬੰਧੀ ਪ੍ਰੋਗਰਾਮ ਹੋਣੇ ਹਨ, ਉਥੇ ਪ੍ਰੋਗਰਾਮਾਂ ਤੋਂ ਪਹਿਲਾਂ ਤੇ ਦੌਰਾਨ ਵੀ ਯੋਗ ਪੁਲਿਸ ਬੰਦੋਬਸਤ ਯਕੀਨੀ ਬਣਾਇਆ ਜਾਵੇ, ਤਾਂ ਜੋ ਸਾਰੇ ਸਮਾਗਮ ਅਮਨ ਤੇ ਸ਼ਾਂਤੀ ਨਾਲ ਬਿਨਾਂ ਕਿਸੇ ਡਰ ਦੇ ਸੰਪੰਨ ਹੋ ਸਕਣ। ਅੰਤ ਵਿਚ ਉਨ੍ਹਾਂ ਕਿਹਾ ਕਿ ਸਮੂਹ ਭਾਈਚਾਰਾ ਇਸ ਉਪਰਾਲੇ ਲਈ ਪ੍ਰਸ਼ਾਸਨ ਦਾ ਧੰਨਵਾਦੀ ਰਹੇਗਾ।