ਪਿੰਡ ਡੱਲਾ ’ਚ ਦੂਜਾ ਦਸਤਾਰ ਸਿਖਲਾਈ ਕੈਂਪ ਲਗਾਇਆ
ਇਤਿਹਾਸਿਕ ਪਿੰਡ ਡੱਲਾ ਵਿਖੇ ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਜੀ ਵਿੱਚ ਦੂਜਾ ਦਸਤਾਰ ਸਿਖਲਾਈ ਕੈਂਪ ਤੇ ਮੁਕਾਬਲੇ ਆਯੋਜਿਤ
Publish Date: Mon, 23 Mar 2026 08:26 PM (IST)
Updated Date: Mon, 23 Mar 2026 08:28 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਹਿਊਮਨ ਰਾਈਟਸ ਪ੍ਰੈੱਸ ਕਲੱਬ ਰਜਿ. ਤੇ ਰਹਿਮਤ ਐੱਨਜੀਓ ਵੱਲੋਂ ਸੁਲਤਾਨਪੁਰ ਲੋਧੀ ਇਲਾਕੇ ਵਿਚ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਲਗਾਤਾਰ ਦਸਤਾਰ ਸਿਖਲਾਈ ਕੈਂਪ ਤੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਤਿਹਾਸਕ ਪਿੰਡ ਡੱਲਾ ਦੇ ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਜੀ ਵਿਖੇ ਦੂਜਾ ਦਸਤਾਰ ਸਿਖਲਾਈ ਕੈਂਪ ਸੁਖਵਿੰਦਰ ਸਿੰਘ (ਸਾਬਕਾ ਸਰਪੰਚ, ਹਾਜੀਪੁਰ) ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਜੱਜ ਸਾਹਿਬਾਨ ਦੀ ਭੂਮਿਕਾ ਕੁਲਦੀਪ ਸਿੰਘ ਡਿਪਟੀ, ਥਿੰਦ ਪਗੜੀ ਹਾਊਸ ਤੇ ਵੰਸ਼ਜੀਤ ਸਿੰਘ ਧੰਜੂ ਨੇ ਨਿਭਾਈ। ਇਸ ਕੈਂਪ ਦੌਰਾਨ 13 ਸਾਲ ਤੱਕ ਦੇ ਉਮਰ ਵਰਗ ਵਿਚ ਯੁਵਰਾਜ ਸਿੰਘ ਨੇ ਪਹਿਲਾ ਸਥਾਨ, ਰਤੂਰ ਸਿੰਘ ਨੇ ਦੂਜਾ ਤੇ ਸਮਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 13 ਸਾਲ ਤੋਂ ਉਪਰ ਓਪਨ ਵਰਗ ਵਿਚ ਗੁਰਨੂਰ ਸਿੰਘ ਪਹਿਲੇ, ਬਿਕਰਮਜੀਤ ਸਿੰਘ ਦੂਜੇ ਤੇ ਗੁਰਕੀਰਤ ਸਿੰਘ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅਗਲੇ ਕੈਂਪ 25 ਮਾਰਚ ਨੂੰ ਆਰਸੀਐੱਫ ਨੇੜੇ ਐੱਚਡੀਐੱਫਸੀ ਬੈਂਕ ਮੇਨ ਰੋਡ, 29 ਮਾਰਚ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ, 1 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਜੀ ਤੇ 5 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬਾਬਾ ਚਰਨ ਦਾਸ ਜੀ ਖੇੜਾ ਬੇਟ ਵਿਖੇ ਲਗਾਏ ਜਾਣਗੇ। 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਾਈਨਲ ਮੁਕਾਬਲੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਏ ਜਾਣਗੇ। ਸਵੇਰੇ 10 ਤੋਂ 11 ਵਜੇ ਤੱਕ ਨਵੇਂ ਪ੍ਰਤੀਯੋਗੀਆਂ ਲਈ ਮੁਕਾਬਲੇ ਹੋਣਗੇ ਤੇ 12 ਤੋਂ 1 ਵਜੇ ਤੱਕ ਫ਼ਾਈਨਲ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਲਈ 8 ਤੋਂ 13 ਸਾਲ ਦੀ ਉਮਰ ਵਰਗ ਵਿਚ 3,100, 2,100 ਤੇ 1,100 ਰੁਪਏ ਦੇ ਇਨਾਮ ਰੱਖੇ ਗਏ ਹਨ, ਜਦਕਿ ਓਪਨ ਵਰਗ ਵਿਚ 7,100, 5,100 ਅਤੇ 2,100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਲੜਕਿਆਂ ਤੇ ਲੜਕੀਆਂ ਦੋਹਾਂ ਲਈ 7,100, 5,100 ਤੇ 3,100 ਰੁਪਏ ਦੇ ਇਨਾਮ ਹੋਣਗੇ। ਇਸ ਮੌਕੇ ਵਿਸ਼ੇਸ਼ ਸਹਿਯੋਗ ਸੁਖਵਿੰਦਰ ਸਿੰਘ (ਸਾਬਕਾ ਸਰਪੰਚ, ਹਾਜੀਪੁਰ) ਵੱਲੋਂ ਦਿੱਤਾ ਜਾ ਰਿਹਾ ਹੈ। ਪਰਬੰਧਕਾਂ ਅਨੁਸਾਰ ਹਰ ਪ੍ਰਤੀਯੋਗੀ ਇਕ ਹੀ ਮੁਕਾਬਲੇ ਵਿਚ ਭਾਗ ਲੈ ਸਕੇਗਾ। ਇਸ ਤੋਂ ਇਲਾਵਾ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦੋ ਦਿਨਾ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਜੋ ਨਿਰਵੈਰ ਖਾਲਸਾ ਸੇਵਾ ਸੁਸਾਇਟੀ ਤੇ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਡੱਲਾ ਸਾਹਿਬ, ਕੁਲਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਅੰਮ੍ਰਿਤਸਰ ਤੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਹਾਜੀਪੁਰ ਆਦਿ ਹਾਜ਼ਰ ਸਨ।