ਦੂਲੋਵਾਲ ’ਚ ਬੱਚਿਆਂ ਦੀ ਸਿਹਤ ਨੂੰ ਸਮਰਪਿਤ ਦੂਸਰਾ ਖੇਡ ਸਮਾਗਮ ਕਰਵਾਇਆ
ਦੂਲੋਵਾਲ ਵਿੱਚ ਬੱਚਿਆਂ ਦੀ ਸਿਹਤ ਨੂੰ ਸਮਰਪਿਤ ਦੂਸਰਾ ਖੇਡ ਸਮਾਗਮ ਸਫਲਤਾਪੂਰਵਕ ਆਯੋਜਿਤ
Publish Date: Fri, 20 Mar 2026 10:19 PM (IST)
Updated Date: Fri, 20 Mar 2026 10:22 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੱਚਿਆਂ ਦੀ ਸਿਹਤ ਤੇ ਖੇਡਾਂ ਪ੍ਰਤੀ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਦੂਲੋਵਾਲ ਵਿਚ ਦੂਸਰਾ “ਦੂਲੋਵਾਲ ਖੇਡ ਸਮਾਗਮ” ਵੱਡੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸਮਾਗਮ ਏਸ਼ੀਆ ਗੋਲਡ ਮੈਡਲਿਸਟ ਤੇ ਵੈਜੀਟੇਰੀਅਨ ਬਾਡੀ ਬਿਲਡਰ ਹਰਮਿੰਦਰ ਸਿੰਘ ਦੂਲੋਵਾਲ ਤੇ ਨਵਜੋਤ ਕੌਰ ਸਿੱਧੂ ਸੀਨੀਅਰ ਜਰਨਲਿਸਟ ਤੇ ਡਾਇਰੈਕਟਰ ਐੱਚਐੱਨ ਪ੍ਰੋਡਕਸ਼ਨ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਰਿਬਨ ਕੱਟ ਕੇ ਕੀਤਾ ਗਿਆ, ਜਿਸ ਤੋਂ ਬਾਅਦ ਹਰਮਿੰਦਰ ਸਿੰਘ ਦੂਲੋਵਾਲ, ਅਵਤਾਰ ਸਿੰਘ, ਕੁਲਵੰਤ ਕੌਰ, ਨਛੱਤਰ ਸਿੰਘ, ਗੁਰਬਖਸ਼ ਕੌਰ ਤੇ ਸਰਬਜੀਤ ਕੌਰ ਵੱਲੋਂ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਖੇਡ ਸਮਾਗਮ ਦੌਰਾਨ ਦੌੜ, ਰੱਸਾਕਸ਼ੀ, ਲੌਂਗ ਜੰਪ, ਹਾਈ ਜੰਪ, ਮਟਕਾ ਰੇਸ ਤੇ ਫਰੋਗ ਰੇਸ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਤੇ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬਜ਼ੁਰਗਾਂ ਲਈ ਦੌੜਾਂ ਵੀ ਕਰਵਾਈਆਂ ਗਈਆਂ, ਜਦਕਿ ਔਰਤਾਂ ਦੀ ਮਟਕਾ ਰੇਸ ਸਮਾਗਮ ਦਾ ਮੁੱਖ ਆਕਰਸ਼ਣ ਰਹੀ। ਜੇਤੂ ਖਿਡਾਰੀਆਂ ਨੂੰ ਹਰਮਿੰਦਰ ਸਿੰਘ ਦੂਲੋਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਸਕੂਲ ਬੈਗ, ਕਾਪੀਆਂ, ਮੈਡਲ, ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੀਆਂ ਪੰਜ ਹੋਣਹਾਰ ਖਿਡਾਰਨਾਂ ਨੂੰ ਦੇਸੀ ਡਾਈਟ ਤੇ ਸਨਮਾਨ ਚਿੰਨ ਦੇ ਨਾਲ ਖਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਦੂਲੋਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ “ਦੂਲੋਵਾਲ ਖੇਡ ਸਕਾਲਰਸ਼ਿਪ” ਦੇ ਅਧੀਨ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿਚ ਲਗਭਗ 10 ਲੱਖ ਰੁਪਏ ਦੀ ਸਕਾਲਰਸ਼ਿਪ ਰਾਹੀਂ ਖਿਡਾਰੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਨਛੱਤਰ ਸਿੰਘ ਮੈਂਬਰ, ਕੁਲਵਿੰਦਰ ਸਿੰਘ, ਸਰਨਜੀਤ ਸਿੰਘ, ਬਲਕਾਰ ਸਿੰਘ, ਜੋਗਾ ਸਿੰਘ, ਦੀਪਕ ਸਿੰਘ, ਅਮਰਜੀਤ ਸਿੰਘ ਸਰਪੰਚ, ਅਵਤਾਰ ਸਿੰਘ, ਜਸਵਿੰਦਰ ਸਿੰਘ (ਟੀਚਰ) ਤੇ ਜਸਵੰਤ ਸਿੰਘ ਮੈਂਬਰ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।