ਨੌਕਰੀਆਂ ਮੰਗਦੇ ਨੌਜਵਾਨਾਂ ’ਤੇ ਡਾਂਗਾਂ ਵਰ੍ਹਾਉਣਾ ਨਿੰਦਣਯੋਗ : ਜੋਸਨ
ਨੌਕਰੀਆਂ ਮੰਗਦੇ ਨੌਜਵਾਨਾਂ ’ਤੇ ਡਾਂਗਾਂ ਵਰ੍ਹਾਉਣਾ ਅਤਿ ਨਿੰਦਣਯੋਗ: ਜੋਸਨ
Publish Date: Wed, 10 Jun 2026 08:07 PM (IST)
Updated Date: Thu, 11 Jun 2026 04:08 AM (IST)

ਕੈਪਸ਼ਨ : 10ਕੇਪੀਟੀ8 ਸੀਨੀਅਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹੋਰ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਆਗੂ ਇੰਦਰਜੀਤ ਸਿੰਘ ਜੋਸਨ ਨੇ ਪਟਿਆਲਾ ਵਿਖੇ ਆਪਣੇ ਹੱਕਾਂ ਤੇ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ’ਤੇ ਕੀਤੇ ਗਏ ਲਾਠੀਚਾਰਜ ਅਤੇ ਧਰਨੇ ਤੋਂ ਚੁੱਕੇ ਗਏ ਨੌਜਵਾਨ ਆਗੂਆਂ ਨਾਲ ਕਥਿਤ ਤੌਰ ਤੇ ਕੀਤੇ ਗਏ ਤਸ਼ੱਦਦ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਜੋਸਨ ਨੇ ਕਿਹਾ ਕਿ ਜਿਹੜੀ ਸਰਕਾਰ ਬਦਲਾਅ ਅਤੇ ਰੁਜ਼ਗਾਰ ਦੇ ਵਾਅਦਿਆਂ ਦੇ ਸਹਾਰੇ ਸੱਤਾ ਵਿੱਚ ਆਈ ਸੀ, ਅੱਜ ਉਹੀ ਸਰਕਾਰ ਨੌਕਰੀਆਂ ਮੰਗਦੇ ਪੰਜਾਬ ਦੇ ਨੌਜਵਾਨਾਂ ਨੂੰ ਲਾਠੀਆਂ ਅਤੇ ਜੇਲ੍ਹਾਂ ਦਾ ਤੋਹਫ਼ਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਅਤੇ ਸ਼ਰਮਨਾਕ ਹੈ ਕਿ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਸੜਕਾਂ ਤੇ ਉਤਰੇ ਨੌਜਵਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਜ਼ਬਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਦੀ ਆਵਾਜ਼ ਨੂੰ ਕੁਚਲਣਾ ਅਤੇ ਹੱਕ ਮੰਗਣ ਵਾਲਿਆਂ ਉੱਤੇ ਤਸ਼ੱਦਦ ਕਰਨਾ ਕਿਸੇ ਵੀ ਲੋਕ-ਪੱਖੀ ਸਰਕਾਰ ਦੀ ਨਿਸ਼ਾਨੀ ਨਹੀਂ, ਸਗੋਂ ਤਾਨਾਸ਼ਾਹੀ ਸੋਚ ਦਾ ਪ੍ਰਤੀਕ ਹੈ। ਪੰਜਾਬ ਦਾ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ, ਨਸ਼ਿਆਂ ਅਤੇ ਪਰਵਾਸ ਦੀ ਮਾਰ ਝੱਲ ਰਿਹਾ ਹੈ, ਪਰ ਸਰਕਾਰ ਉਸ ਦੇ ਜ਼ਖ਼ਮਾਂ ਤੇ ਮਲ੍ਹਮ ਲਗਾਉਣ ਦੀ ਬਜਾਏ ਹੋਰ ਜ਼ਖ਼ਮ ਦੇ ਰਹੀ ਹੈ।ਜੋਸਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਸੂਬੇ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਜਿਹੜੇ ਹਾਕਮ ਅੱਜ ਪੁਲਿਸ ਦੇ ਡੰਡੇ ਦੇ ਸਹਾਰੇ ਲੋਕਾਂ ਦੀ ਆਵਾਜ਼ ਦਬਾਉਣ ਦਾ ਭਰਮ ਪਾਲ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ ਵਿੱਚ ਅੰਤਿਮ ਤਾਕਤ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਦੇ ਹੱਕਾਂ ਦੀ ਇਸ ਲੜਾਈ ’ਚ ਉਨ੍ਹਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਾ ਕਰਦਾ ਹੈ। ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਇਸ ਹੰਕਾਰ, ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦਾ ਕਰਾਰਾ ਜਵਾਬ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਜੋਸਨ, ਬਲਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਬਿਕਰਮਜੀਤ ਸਿੰਘ ਜੋਸਨ ਸਾਬਕਾ ਇੰਟਰਨੈਸ਼ਨਲ ਕਬੱਡੀ ਖਿਡਾਰੀ, ਬਾਘਾ ਢਿੱਲੋਂ, ਪਰਮਜੀਤ ਸਿੰਘ ਜੋਸਨ ਸੈਦਪੁਰ, ਮਨਜੀਤ ਸਿੰਘ ਸਰਪੰਚ ਡੌਲਾ, ਨਿਹੰਗ ਸਿੰਘ ਤਲਵੰਡੀ ਚੌਧਰੀਆਂ ਆਦਿ ਹਾਜ਼ਰ ਸਨ।