100 ਫੀਸਦੀ ਸੌਰ ਊਰਜਾ ਨਾਲ ਜਗਮਗਾਏਗੀ ਸਾਇੰਸ ਸਿਟੀ!
ਪਾਵਰ ਸੇਵਿੰਗ ਮੋਡ ’ਤੇ
Publish Date: Thu, 01 Jan 2026 10:46 PM (IST)
Updated Date: Thu, 01 Jan 2026 10:47 PM (IST)
ਪਾਵਰ ਸੇਵਿੰਗ ਮੋਡ ’ਤੇ ਜਾਣ ਦੀ ਤਿਆਰੀ ’ਚ ਪ੍ਰਬੰਧਨ
ਸਾਇੰਸ ਸਿਟੀ ’ਚ ਪਹਿਲਾ ਤੋਂ ਹੀ 100 ਕੇਵੀ ਦਾ ਸੋਲਰ ਪੈਨਲ ਲੱਗਿਆ
ਮਹੇਸ਼ ਕੁਮਾਰ, ਕਪੂਰਥਲਾ : ਸਾਇੰਸ ਦੀ ਜਾਦੂਈ ਦੁਨੀਆ ਸਾਇੰਸ ਸਿਟੀ 100 ਫੀਸਦੀ ਸੌਰ ਊਰਜਾ ਨਾਲ ਜਗਮਗਾਏਗੀ। 72 ਏਕੜ ’ਚ ਫੈਲੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ ਪਾਵਰ ਸੇਵਿੰਗ ਮੋਡ ’ਤੇ ਲਿਆਉਣ ਦੀ ਯੋਜਨਾ ’ਤੇ ਪ੍ਰਬੰਧਨ ਕੰਮ ਕਰ ਰਿਹਾ ਹੈ। ਹਾਲਾਂਕਿ 2013 ਤੋਂ ਇਥੇ 100 ਕਿਲੋਵਾਟ ਦਾ ਸੋਲਰ ਪੈਨਲ ਸਥਾਪਿਤ ਹੈ, ਜਿਸ ਨਾਲ ਬਣੀ ਬਿਜਲੀ ਨੂੰ ਸਾਇੰਸ ਸਿਟੀ ਦੇ ਸੰਚਾਲਨ ’ਚ ਵਰਤਿਆ ਜਾ ਰਿਹਾ ਹੈ। ਹੁਣ ਇਸ ਨੂੰ ਪੂਰੀ ਤਰ੍ਹਾਂ ਨਾਲ ਸੌਰ ਊਰਜਾ ’ਤੇ ਨਿਰਭਰ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਯੋਜਨਾ ਦੇ ਲਾਗੂ ਹੋਣ ਨਾਲ ਸਾਇੰਸ ਸਿਟੀ ਦੇ ਸਿੱਧੇ ਤੌਰ ’ਤੇ 20 ਲੱਖ ਰੁਪਏ ਸਾਲਾਨਾ ਬਚਨਗੇ। ਉੱਧਰ ਪਾਵਰਕਾਮ ’ਤੇ ਨਿਰਭਰਤਾ ਵੀ ਨਹੀਂ ਰਹੇਗੀ। ਨਾਲ ਹੀ ਕੇਂਦਰ ਸਰਕਾਰ ਦੀ ਸੌਰ ਊਰਜਾ ’ਤੇ ਨਿਰਭਰਤਾ ਨੂੰ ਵਧਾਉਣ ਨੂੰ ਵੀ ਬਲ ਮਿਲੇਗਾ।
ਜਲੰਧਰ-ਕਪੂਰਥਲਾ ਰੋਡ ’ਤੇ ਪਿੰਡ ਵਡਾਲਾ ਕੋਲ 2005 ’ਚ ਸਥਾਪਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ 12 ਗੈਲਰੀਆਂ, ਤਿੰਨ ਪਾਰਕ ਤੇ 6 ਸ਼ੋਅ ਤੋਂ ਇਲਾਵਾ ਸਾਇੰਸ ਨਾਲ ਸਬੰਧਤ ਬਹੁਤ ਕੁਝ ਹੈ, ਜਿਸ ਲਈ ਸਾਲਾਨਾ 10 ਲੱਖ ਯੂਨਿਟ ਬਿਜਲੀ ਦੀ ਲੋੜ ਹੈ, ਜਿਸ ’ਤੇ ਲਗਪਗ 40-42 ਲੱਖ ਰੁਪਏ ਸਾਲਾਨਾ ਖਰਚ ਆਉਂਦਾ ਹੈ। ਹਾਲਾਂਕਿ ਇਸ ’ਚ 90 ਹਜ਼ਾਰ ਯੂਨਿਟ 100 ਕੇਵੀ ਸੋਲਰ ਪੈਨਲ ਵਾਲੇ ਵੀ ਸ਼ਾਮਲ ਹਨ ਪਰ ਕਮਰਸ਼ੀਅਲ ਬਿਜਲੀ ਯੂਨਿਟ ਕਾਫੀ ਮਹਿੰਗੀ ਹੋਣ ਦੇ ਕਾਰਨ ਹੁਣ ਸਾਇੰਸ ਸਿਟੀ ਪ੍ਰਬੰਧਨ ਇਸ ਲਈ ਬਦਲਵੀਂ ਵਿਵਸਥਾ ’ਤੇ ਵਿਚਾਰ ਕਰ ਰਿਹਾ ਹੈ, ਜਿਸ ਲਈ ਸਾਇੰਸ ਸਿਟੀ ਦਾ 100 ਫੀਸਦੀ ਸੰਚਾਲਨ ਸੌਰ ਊਰਜਾ ’ਤੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਮਾਰਕੀਟੀ ’ਚ ਪਹਿਲਾਂ ਤੋਂ ਮੌਜੂਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸਾਇੰਸ ਸਿਟੀ ਨੂੰ ਸੌਰ ਊਰਜਾ ਦੇ ਰੈਸਕਿਊ ਮੋਡ ’ਤੇ ਚਲਾਉਣ ਲਈ ਲੋੜੀਂਦੇ ਮਾਣਕਾਂ ਦੇ ਮੱਦੇਨਜ਼ਰ ਗੱਲਬਾਤ ਕੀਤੀ ਜਾ ਰਹੀ ਹੈ। ਸਾਇੰਸਟੀ ਸਿਟੀ ਦੇ ਪਾਵਰ ਸੇਵਿੰਗ ਮੋਡ ’ਤੇ ਜਾਣ ਨਾਲ ਜਿਥੇ ਰਵਾਇਤੀ ਮਹਿੰਗੀ ਊਰਜਾ ਤੋਂ ਛੁਟਕਾਰਾ ਮਿਲਿਆ, ਉਥੇ ਕੇਂਦਰ ਸਰਕਾਰ ਵੱਲੋਂ ਸੌਰ ਊਰਜਾ ਨੂੰ ਵਧਾਉਣ ੍ਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਗਤੀ ਮਿਲੇਗੀ।
ਹੁਣ ਤੱਕ 60 ਲੱਖ ਸੈਲਾਨੀ ਦੇਖ ਚੁੱਕੇ ਹਨ ਸਾਇੰਸ ਸਿਟੀ
2005 ਤੋਂ ਹੁਣ ਤੱਕ ਲਗਪਗ 60 ਲੱਖ ਸੈਲਾਨੀ ਸਾਇੰਸ ਸਿਟੀ ਨੂੰ ਦੇਖ ਚੁੱਕੇ ਹਨ। ਇਨ੍ਹਾਂ ’ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਇਸ ਲਿਹਾਜ਼ ਨਾਲ ਸਾਲਾਨਾ 3 ਤੋਂ 3.5 ਲੱਖ ਸੈਲਾਨੀ ਹਰ ਸਾਲ ਸਾਇੰਸ ਸਿਟੀ ਦੀ ਯਾਤਰਾ ਕਰਦੇ ਹਨ।