ਮਰਦਮਸ਼ੁਮਾਰੀ ’ਚ ਡਿਊਟੀਆਂ ਲੱਗਣ ਕਾਰਨ ਸਕੂਲ ਹੋਣਗੇ ਖਾਲੀ
ਮਰਦਮਸ਼ੁਮਾਰੀ ਵਿਚ ਡਿਊਟੀਆਂ ਲੱਗਣ ਕਾਰਨ ਸਕੂਲ ਹੋਣਗੇ ਖਾਲੀ
Publish Date: Tue, 14 Apr 2026 06:44 PM (IST)
Updated Date: Tue, 14 Apr 2026 06:48 PM (IST)

ਬੀਐੱਲਓ ਲੱਗੇ ਅਧਿਆਪਕਾਂ ਨੂੰ ਪਹਿਲਾਂ ਹੀ ਐੱਸਆਈਆਰ ਸਰਵੇ ਕਾਰਨ ਸਕੂਲਾਂ ’ਚੋਂ ਕੀਤਾ ਬਾਹਰ ਸਾਰੇ ਵਿਭਾਗਾਂ ’ਚੋਂ ਅਨੁਪਾਤ ਅਨੁਸਾਰ ਲਗਾਏ ਜਾਣ ਮੁਲਾਜ਼ਮ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਕੂਲਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਈ ਮਹੀਨੇ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਮਰਦਮਸ਼ੁਮਾਰੀ ਦੀ ਇਹ ਐਕਸਰਸਾਇਜ਼ ਫਰਵਰੀ 2027 ਤੱਕ ਚੱਲੇਗੀ ਜਿਸ ਕਾਰਨ ਅਧਿਆਪਕ ਅਪ੍ਰੈਲ ਮਹੀਨੇ ਤੋਂ ਹੀ ਮਰਦਮਸ਼ੁਮਾਰੀ ਦੀਆਂ ਟ੍ਰੇਨਿੰਗਾਂ ਵਿੱਚ ਉਲਝ ਕੇ ਸਕੂਲਾਂ ਤੋਂ ਦੂਰ ਹੋ ਜਾਣਗੇ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਐੱਲਓ ਲੱਗੇ ਵੱਡੀ ਗਿਣਤੀ ਅਧਿਆਪਕਾਂ ਨੂੰ ਐੱਸਆਈਆਰ ਸਰਵੇ ਲਈ ਸਕੂਲਾਂ ਤੋਂ ਬਾਹਰ ਵੋਟਾਂ ਦੇ ਸੁਧਾਈ ਤੇ ਵੋਟਾਂ ਬਣਾਉਣ ਦੇ ਕੰਮਾਂ ਵਿੱਚ ਲਗਾ ਰੱਖਿਆ ਹੈ। ਆਗੂਆਂ ਨੇ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ’ਤੇ ਅਧਿਆਪਕਾਂ ਵੱਲੋਂ ਨਵੇਂ ਦਾਖਲ ਕੀਤੇ ਬੱਚਿਆਂ ਦੇ ਮਾਪੇ ਇਸ ਸਾਰੇ ਵਰਤਾਰੇ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਅਧਿਆਪਕ ਸਕੂਲਾਂ ਵਿਚ ਪੜ੍ਹਾਉਣ ਦੀ ਥਾਂ ਵਾਧੂ ਦੇ ਕੰਮਾਂ ਵਿੱਚ ਉਲਝਾ ਰੱਖੇ ਹਨ। ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਯੋਤੀ ਮਹਿੰਦਰੂ, ਮੀਤ ਪ੍ਰਧਾਨ ਰੋਸ਼ਨ ਲਾਲ ਬੇਗੋਵਾਲ ਅਤੇ ਸਕੱਤਰ ਅਨਿਲ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ਦਾ ਕੰਮ ਕੇਂਦਰ ਸਰਕਾਰ ਦਾ ਹੈ, ਇਸ ਲਈ ਇਸ ਕੰਮ ਵਿੱਚ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਪਾਤ ਦੇ ਅਧਾਰ ’ਤੇ ਲਗਾਈਆਂ ਜਾਣ। ਜਿਥੋਂ ਤੱਕ ਸੰਭਵ ਹੋ ਸਕੇ, ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ ।