ਸਰਪੰਚ ਕੁਲਦੀਪ ਸੋਹਲ ਗੋਲਾ ਸੁੱਟਣ ’ਚ ਬਣਿਆ ਕੌਮੀ ਚੈਂਪੀਅਨ
ਸਰਪੰਚ ਕੁਲਦੀਪ ਸੋਹਲ ਗੋਲਾ ਸੁੱਟਣ ਵਿੱਚ ਬਣਿਆ ਕੌਮੀ ਚੈਂਪੀਅਨ
Publish Date: Thu, 19 Mar 2026 08:43 PM (IST)
Updated Date: Thu, 19 Mar 2026 08:46 PM (IST)

ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਇਹ ਸੁਣਿਆ ਹੀ ਨਹੀਂ ਬਲਕਿ ਸਦੀਵੀ ਸੱਚ ਹੈ ਕਿ ਜਿਥੇ ਹਰਕਤ ਹੋਵੇਗੀ ਉਥੇ ਹੀ ਬਰਕਤ ਹੋਵੇਗੀ, ਗੱਲ ਇਹ ਨਹੀਂ ਹੈ ਕਿ ਮੇਰੀ ਉਮਰ 65 ਸਾਲ ਹੋ ਗਈ ਹੈ, ਗੱਲ ਇਹ ਹੈ ਕਿ ਮੈਂ ਸੂਰਜ ਦੇ ਦਰਸ਼ਨ ਸਵੇਰੇ ਗਰਾਉਂਡ ਵਿਚ ਕਰਨ ਦਾ ਨਿਤਨੇਮੀ ਹਾਂ। ਇਹ ਸ਼ਬਦ ਸਾਬਕਾ ਕੋਚ ਤੇ ਲੱਖਣ ਕਲਾਂ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਸੋਹਲ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਹੋਈ ਰਾਸ਼ਟਰੀ ਵੈਟਰਰਨ ਐਥਲੈਟਿਕਸ ਚੈਂਪੀਅਨਸ਼ਿਪ ਚ ਸਭ ਤੋਂ ਦੂਰ ਗੋਲਾ ਸੁੱਟ ਕੇ ਸੋਨੇ ਦਾ ਤਗਮਾ ਜਿੱਤਣ ਉਪਰੰਤ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਹੇ। ਉਨ੍ਹਾਂ ਦਸਿਆ ਕਿ ਉਹ ਇਸ ਪ੍ਰਾਪਤੀ ਤੋਂ ਪਹਿਲਾਂ ਵੀ ਵੱਖ-ਵੱਖ ਉਮਰ ਵਰਗਾਂ ਪੰਜਾਬ, ਰਾਸ਼ਟਰੀ ਤੇ ਏਸ਼ੀਆਡ ਪੱਧਰ ਉੱਤੇ ਮੈਡਲ ਜਿੱਤ ਚੁੱਕੇ ਹਨ, ਹੁਣ ਨਵੇਂ ਉਮਰ ਵਰਗ ਵਿਚ ਵੀ ਮਿਹਨਤ ਨੇ ਮਾਣਯੋਗ ਦਸਤਕ ਦਿਵਾਈ ਹੈ। ਉਨ੍ਹਾਂ ਦਸਿਆ ਕਿ ਅੱਜ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਤਾਂ ਭਾਸ਼ਣਾਂ, ਨਾਟਕਾਂ ਤੇ ਅਖਬਾਰਾਂ ਵਿਚ ਲੜਦੀ ਦਿਸ ਰਹੀ ਹੈ, ਸਹੀ ਸਿਹਤ ਚੇਤਨਾ ਦੀ ਪ੍ਰਯੋਗਸ਼ਾਲਾ ਤਾਂ ਖੇਡ ਮੈਦਾਨ ਹਨ, ਜੋ ਸਿੱਖਿਆ ਵਿਭਾਗ ਵਿਚ ਸਰੀਰਕ ਸਿਖਿਆ ਅਧਿਆਪਕਾਂ ਤੇ ਖੇਡ ਵਿਭਾਗ ਵਿਚ ਕੋਚਾਂ ਦੀ ਭਰਤੀ ਨਾ ਕਰ ਸਕਣ ਵੀਰਾਨ ਪਏ ਹਨ। ਉਨ੍ਹਾਂ ਦੱਸਿਆ ਕਿ ਉਹ ਤਾਂ ਪੰਜਾਬ ਦੇ ਸਮੂਹ ਸਰਪੰਚਾਂ ਨੂੰ ਵੀ ਅਪੀਲ ਕਰਦੇ ਹਨ ਕਿ ਜੇਕਰ ਉਹ ਆਪਣੇ ਪਿੰਡਾਂ ਦੇ ਆਦਰਸ਼ਕ ਮੁਖੀ ਹਨ ਤਾਂ ਪਿੰਡਾਂ ਵਿਚ ਸਪੋਰਟਸ ਕਲਚਰ ਪੈਦਾ ਕਰਨ ਲਈ ਯੂਥ ਕਲੱਬਾਂ ਨੂੰ ਗਤੀਸ਼ੀਲ ਕਰਨ। ਕੌਮਾਂਤਰੀ ਵੈਟਰਨ ਐਥਲੀਟ ਸਰਪੰਚ ਕੁਲਦੀਪ ਸਿੰਘ ਸੋਹਲ ਨੂੰ ਪਿੰਡ ਆਉਣ ਤੇ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਵਧਾਈਆਂ ਦਿੱਤੀਆਂ। ਨੈਸ਼ਨਲ ਐਵਾਰਡੀ ਸਤਨਾਮ ਸਿੰਘ ਸੇਖੋਂ ਤੇ ਬਾਬਾ ਇੰਦਰਪਾਲ ਸਿੰਘ ਨੇ ਸੋਹਲ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਡੇ ਸਰਪੰਚ ਕੁਲਦੀਪ ਸਿੰਘ ਸੋਹਲ ਜਿਥੇ ਵੈਟਰਨ ਗੋਲਾ ਸੁਟਾਵਾ ਹਨ, ਉਥੇ ਮਹਾਨ ਕੀਰਤਨੀਏ ਤੇ ਕਥਾਵਾਚਕ ਵੀ ਹਨ, ਜੋ ਸਮਾਜਿਕ ਤੇ ਧਾਰਮਿਕ ਜੀਵਨ ਦੀ ਸਿਰਜਣਾ ਕਰਦੇ ਹੋਏ ਸਮਾਜ ਲਈ ਆਦਰਸ਼ਕ ਵਿਅਕਤੀਤੱਵ ਦੇ ਮਾਲਕ ਹਨ।