ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ਕਰਦਿਆਂ ਮਨਾਇਆ ਚੇਅਰਮੈਨ ਸੁਰੇਸ਼ ਮੱਲ੍ਹਣ ਦਾ ਜਨਮ ਦਿਨ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਸਭਾ ਦੇ ਚੇਅਰਮੈਨ ਸੁਰੇਸ਼ ਮੱਲ੍ਹਣ ਯੂਐੱਸਏ ਦਾ ਜਨਮ ਦਿਨ ਬੜੀ ਸਾਦਗੀ ਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ‘ਚ ਹੋਮ ਕੇਅਰ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਨਰਸਿੰਗ ਕੋਟ ਵੰਡੇ ਗਏ ਜਦਕਿ ਲੋੜਵੰਦ ਸਕੂਲੀ ਵਿਦਿਆਰਥੀਆਂ ਨੂੰ ਸਾਲ ਭਰ ਦੀ ਫੀਸ ਦਿੱਤੀ ਗਈ। ਇਸ ਮਨੁੱਖਤਾ-ਭਰੇ ਉਪਰਾਲੇ ਸਬੰਧੀ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਰਣਜੀਤ ਮੱਲ੍ਹਣ ਮੌਜੂਦ ਰਹੇ। ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਸਭਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਅਨੀਤਾ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਜਨਮ ਦਿਨ ਵਰਗੇ ਖੁਸ਼ੀ ਦੇ ਮੌਕੇ ਸਿਰਫ਼ ਰਸਮੀ ਖੁਸ਼ੀਆਂ ਤੱਕ ਸੀਮਿਤ ਨਾ ਰਹਿਣ ਤੇ ਉਨ੍ਹਾਂ ਨੂੰ ਸਮਾਜ ਸੇਵਾ ਨਾਲ ਜੋੜਿਆ ਜਾਵੇ, ਤਾਂ ਉਹ ਯਾਦਗਾਰ ਬਣ ਜਾਂਦੇ ਹਨ। ਵਿਸ਼ੇਸ਼ ਮਹਿਮਾਨ ਰਣਜੀਤ ਮੱਲ੍ਹਣ ਨੇ ਦੱਸਿਆ ਕਿ ਸੁਰੇਸ਼ ਮੱਲ੍ਹਣ ਹਮੇਸ਼ਾਂ ਹੀ ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਨਾਲ ਡੂੰਘੇ ਤੌਰ ‘ਤੇ ਜੁੜੇ ਰਹਿੰਦੇ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਕੀਤਾ ਇਹ ਉਪਰਾਲਾ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਰੇਸ਼ ਮੱਲ੍ਹਣ ਯੂਐੱਸਏ ਦੇ ਸਹਿਯੋਗ ਤੇ ਪ੍ਰੇਰਣਾ ਸਦਕਾ ਸਭਾ ਵੱਲੋਂ ਸਮੇਂ-ਸਮੇਂ ‘ਤੇ ਸਿੱਖਿਆ, ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਤੇ ਹੋਰ ਸਮਾਜ ਭਲਾਈ ਨਾਲ ਜੁੜੇ ਅਨੇਕ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਸ ਮੌਕੇ ਕੇਕ ਵੀ ਕੱਟਿਆ ਗਿਆ। ਅੰਤ ਵਿਚ ਸਭਾ ਵੱਲੋਂ ਸਾਰੇ ਮਹਿਮਾਨਾਂ, ਸਹਿਯੋਗੀਆਂ ਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਮਾਜ ਭਲਾਈ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਸੁਨੀਲ ਬੇਦੀ, ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਗੁਰਦੀਪ ਸਿੰਘ ਤੁਲੀ, ਨਰਿੰਦਰ ਸੈਣੀ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਸਮਾਜ ਸੇਵਕ ਰਮਨ ਨਹਿਰਾ, ਹਰਜਿੰਦਰ ਗੋਗਨਾ, ਜਗਜੀਤ ਸੇਠ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਸੁਖਪ੍ਰੀਤ ਕੌਰ, ਮੈਡਮ ਲਕਸ਼ਮੀ ਅਤੇ ਮੈਡਮ ਖੁਸ਼ੀ ਰਾਣਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਦਿਵਿਆ, ਗੋਮਤੀ, ਅਮਨਜੋਤ, ਸੁਖਮਨ, ਰੁਪਿੰਦਰ, ਜਾਚਨਾ, ਭਾਰਤੀ, ਸਿਮਰਨ, ਮਾਲਤੀ, ਪ੍ਰੀਤੀ, ਪ੍ਰਾਚੀ, ਸੁਨੀਤਾ, ਅਨਾਮਿਕਾ, ਗੁਰਚਰਨ, ਪਾਇਲ, ਮਨੀਸ਼ਾ, ਅਨਮੋਲ, ਅਮਨਦੀਪ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।