- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਵਾਤਾਵਰਣ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਿਡਾਰੀਆਂ ਨੂੰ ਤੋਹਫ਼ਾ, ਵਾਟਰ ਸਪੋਰਟਸ ਸੈਂਟਰ ਨੂੰ ਮਿਲੀਆਂ ਚਾਰ ਨਵੀਆਂ ਕਿਸ਼ਤੀਆਂ

- ਆਮ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਮਿਲ ਰਹੀਆਂ ਰਾਸ਼ਟਰੀ ਪੱਧਰ ਦੀਆਂ ਸਹੂਲਤਾਂ
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਨੂੰ ਚਾਰ ਨਵੀਆਂ ਆਧੁਨਿਕ ਕਿਸ਼ਤੀਆਂ ਅਤੇ ਹੋਰ ਖੇਡ ਸਮੱਗਰੀ ਭੇਟ ਕੀਤੀ। ਕਰੀਬ ਢਾਈ ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਇਨ੍ਹਾਂ ਕਿਸ਼ਤੀਆਂ ਦੇ ਸ਼ਾਮਲ ਹੋਣ ਨਾਲ ਸੈਂਟਰ ਕੋਲ ਬੋਟਾਂ ਦੀ ਕੁੱਲ ਗਿਣਤੀ 32 ਹੋ ਗਈ ਹੈ। ਸਾਲ 2014 ਤੋਂ ਪਵਿੱਤਰ ਕਾਲੀ ਵੇਈਂ ’ਤੇ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਪੰਜਾਬ ਵਿੱਚ ਪਾਣੀ ਵਾਲੀਆ ਖੇਡਾਂ ਦੀ ਇੱਕ ਵਿਲੱਖਣ ਪਛਾਣ ਬਣ ਚੁੱਕਾ ਹੈ। ਨਵੀਆਂ ਕਿਸ਼ਤੀਆਂ ਖਿਡਾਰੀਆਂ ਨੂੰ ਸਮਰਪਿਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੈਂਟਰ ਦੇ ਖਿਡਾਰੀਆਂ ਨੇ ਪਿਛਲੇ ਦਸ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਲਤਾਨਪੁਰ ਲੋਧੀ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ’ਤੇ ਰੋਸ਼ਨ ਕੀਤਾ ਹੈ। ਸੈਂਟਰ ਦੇ ਕੋਚ ਅਮਨਦੀਪ ਸਿੰਘ ਨੇ ਕਿਹਾ ਕਿ ਵਾਟਰ ਸਪੋਰਟਸ ਇੱਕ ਬਹੁਤ ਮਹਿੰਗੀ ਖੇਡ ਹੈ, ਜਿਸ ਵਿੱਚ ਇੱਕ ਪੈਡਲ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇੱਕ ਬੋਟ ਦੀ ਕੀਮਤ ਲੱਖਾਂ ਰੁਪਏ ਤੱਕ ਹੁੰਦੀ ਹੈ। ਪਰ ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੁਫ਼ਤ ਜਾਂ ਬਹੁਤ ਘੱਟ ਖਰਚੇ ’ਤੇ ਇਸ ਖੇਡ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸੈਂਟਰ ਵਿੱਚ ਦੋ ਸੀ-1, ਇੱਕ ਸੀ-2 ਅਤੇ ਇੱਕ ਕੇ-1 ਬੋਟ ਸ਼ਾਮਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਲੱਖਾਂ ਰੁਪਏ ਦੀ ਲਾਗਤ ਨਾਲ ਬੋਟਾਂ, ਪੈਡਲ, ਜਿਮ ਉਪਕਰਨ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ। ਖਿਡਾਰੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਜਿਮ, ਏਅਰ ਕੰਡੀਸ਼ਨਡ ਸਹੂਲਤਾਂ ਅਤੇ ਉੱਚ ਪੱਧਰੀ ਅਭਿਆਸ ਢਾਂਚਾ ਇਸ ਸੈਂਟਰ ਦੀ ਖਾਸ ਪਹਿਚਾਣ ਬਣ ਚੁੱਕੇ ਹਨ।
- ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਸਮਰੱਥ ਹੋਇਆ ਸੈਂਟਰ
ਨਵੀਆਂ ਕਿਸ਼ਤੀਆਂ ਦੇ ਸ਼ਾਮਲ ਹੋਣ ਨਾਲ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਹੁਣ ਵੱਡੇ ਪੱਧਰ ਦੇ ਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਹੋਰ ਮਜ਼ਬੂਤ ਹੋ ਗਿਆ ਹੈ। ਸੈਂਟਰ ਕੋਲ ਹੁਣ ਕੁੱਲ 32 ਬੋਟਾਂ ਉਪਲਬਧ ਹਨ, ਜਿਨ੍ਹਾਂ ਵਿੱਚ 7 ਕੇ-1, 6 ਕੇ-2, 3 ਕੇ-4, 7 ਸੀ-1, 2 ਸੀ-4 ਅਤੇ 4 ਡਰੈਗਨ ਬੋਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਮੁਕਾਬਲਿਆਂ ਲਈ 20 ਪੈਡਲ ਵੀ ਮੌਜੂਦ ਹਨ। ਇਹ ਸਾਰੀਆਂ ਸਹੂਲਤਾਂ ਸੈਂਟਰ ਨੂੰ ਪੰਜਾਬ ਵਿੱਚ ਪਾਣੀ ਵਾਲੀਆਂ ਖੇਡਾਂ ਦਾ ਇੱਕ ਪ੍ਰਮੁੱਖ ਕੇਂਦਰ ਬਣਾਉਂਦੀਆਂ ਹਨ।