ਜੰਗ ਦੌਰਾਨ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ : ਸੰਤ ਸੀਚੇਵਾਲ
ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ’ਤੇ ਹਮਲੇ ਕਰਨ ਦੀ ਸੰਤ ਸੀਚੇਵਾਲ ਵੱਲੋਂ ਸਖ਼ਤ ਨਿੰਦਾ
Publish Date: Mon, 09 Mar 2026 07:51 PM (IST)
Updated Date: Mon, 09 Mar 2026 07:54 PM (IST)

ਅਮਰੀਕਾ ਵੱਲੋਂ ਈਰਾਨ ਦੇ ਟਾਪੂ ‘ਤੇ ਡੀਸੈਲੀਨੇਸ਼ਨ ਪਲਾਂਟ ’ਤੇ ਹਮਲੇ ਦੀ ਕੀਤੀ ਆਲੋਚਨਾ ਦੋਵੇਂ ਧਿਰਾਂ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲਿਆਂ ਤੋਂ ਗੁਰੇਜ਼ ਕਰਨ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਕੀਤੇ ਜਾ ਰਹੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਇਥੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਜੰਗ ਦੀ ਸਥਿਤੀ ਵਿਚ ਵੀ ਮਨੁੱਖਤਾ ਤੇ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਇਸ ਲਈ ਦੋਵੇਂ ਧਿਰਾਂ ਨੂੰ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਦਸਵੇਂ ਦਿਨ ਹੋਏ ਹਮਲਿਆਂ ਦੌਰਾਨ ਪਾਣੀ ਤੇ ਬਿਜਲੀ ਦੇ ਢਾਂਚੇ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲੇ ਦੌਰਾਨ ਈਰਾਨ ਦੇ ਕੇਸ਼ਮ ਟਾਪੂ ‘ਤੇ ਸਥਿਤ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਕੇ ਪੀਣਯੋਗ ਬਣਾਉਣ ਵਾਲਾ ਪਲਾਂਟ) ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਦੇ ਨਤੀਜੇ ਵਜੋਂ ਟਾਪੂ ‘ਤੇ ਵਸਦੇ ਕਰੀਬ 30 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਈਰਾਨ ਕੋਲ ਕੁੱਲ ਪਾਣੀ ਵਿਚੋਂ ਕੇਵਲ ਕਰੀਬ 2 ਫੀਸਦੀ ਪਾਣੀ ਹੀ ਡੀਸੈਲੀਨੇਸ਼ਨ ਰਾਹੀਂ ਸਾਫ਼ ਕਰਨ ਦੀ ਸਮਰੱਥਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਤੇ ਸਾਹ ਲੈਣ ਲਈ ਸਾਫ ਹਵਾ ਤੋਂ ਵਾਂਝਾ ਕਰਨਾ ਬਹੁਤ ਹੀ ਗੈਰ-ਮਨੁੱਖੀ ਤੇ ਬੁਜ਼ਦਲਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਯੁੱਧ ਦੇ ਮੂਲ ਅਸੂਲਾਂ ਤੇ ਮਨੁੱਖੀ ਮੁੱਲਾਂ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਬੰਬਾਂ ਤੇ ਮਿਜ਼ਾਇਲਾਂ ਤੋਂ ਬਚ ਵੀ ਜਾਣ, ਪਰ ਉਨ੍ਹਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨਾ ਮਨੁੱਖਤਾ ਨਾਲ ਘੋਰ ਧੋਖਾ ਹੈ। ਉਨ੍ਹਾਂ ਦੱਸਿਆ ਕਿ ਅਧੁਨਿਕ ਜੀਵਨ ਵਿਚ ਬਿਜਲੀ ਵੀ ਇਕ ਬੁਨਿਆਦੀ ਲੋੜ ਬਣ ਚੁੱਕੀ ਹੈ। ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਨ ਵਾਲੇ ਡੀਸੈਲੀਨੇਸ਼ਨ ਪ੍ਰੋਜੈਕਟ ਪੂਰੀ ਤਰ੍ਹਾਂ ਬਿਜਲੀ ‘ਤੇ ਨਿਰਭਰ ਕਰਦੇ ਹਨ, ਇਸ ਲਈ ਬਿਜਲੀ ਦੀ ਲਗਾਤਾਰ 24 ਘੰਟੇ ਸਪਲਾਈ ਜ਼ਰੂਰੀ ਹੁੰਦੀ ਹੈ। ਇਸ ਕਰਕੇ ਜੰਗ ਦੌਰਾਨ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਉਣਾ ਵੀ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੇ ਉਲਟ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇ ਰੇਗਿਸਤਾਨੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਡੀਸੈਲੀਨੇਸ਼ਨ ਪਲਾਂਟ ਵਰਗਾ ਬੁਨਿਆਦੀ ਢਾਂਚਾ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੰਗ ਭਾਵੇਂ ਕਿੰਨੀ ਵੀ ਲੰਮੀ ਚੱਲੇ, ਆਖ਼ਰਕਾਰ ਉਸ ਦਾ ਹੱਲ ਗੱਲਬਾਤ ਦੀ ਮੇਜ਼ ‘ਤੇ ਹੀ ਨਿਕਲਦਾ ਹੈ। ਜੰਗ ਕਦੇ ਵੀ ਕਿਸੇ ਸਮੱਸਿਆ ਦਾ ਟਿਕਾਊ ਹੱਲ ਨਹੀਂ ਹੁੰਦੀ। ਸੰਤ ਸੀਚੇਵਾਲ ਨੇ ਹਾਲੀਆ ਹਮਲਿਆਂ ਦੌਰਾਨ ਸਕੂਲੀ ਬੱਚਿਆਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਤੇ ਭਵਿੱਖ ਵਿਚ ਅਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਨ ਦੀ ਕਾਮਨਾ ਕੀਤੀ। ਦੁਨੀਆ ਭਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਵਧਦੀ ਜਾ ਰਹੀ ਹੈ। ਖਾਸ ਕਰਕੇ ਖਾੜੀ ਦੇਸ਼ਾਂ ਵਿਚ ਤੇਲ ਦੇ ਭੰਡਾਰ ਤਾਂ ਬੇਅੰਤ ਹਨ ਪਰ ਕੁਦਰਤੀ ਪੀਣ ਵਾਲਾ ਪਾਣੀ ਬਹੁਤ ਘੱਟ ਹੈ। ਇਸ ਕਾਰਨ ਇਹ ਦੇਸ਼ ਸਮੁੰਦਰੀ ਖਾਰੇ ਪਾਣੀ ਨੂੰ ਡੀਸੈਲੀਨੇਸ਼ਨ ਪਲਾਂਟਾਂ ਰਾਹੀਂ ਸਾਫ਼ ਕਰਕੇ ਪੀਣ ਲਈ ਵਰਤ ਰਹੇ ਹਨ। ਅੰਕੜਿਆਂ ਮੁਤਾਬਕ ਬਹਿਰੀਨ ਆਪਣੀ ਕੁੱਲ ਖਪਤ ਦਾ ਲਗਭਗ 60 ਫੀਸਦੀ ਪਾਣੀ ਡੀਸੈਲੀਨੇਸ਼ਨ ਰਾਹੀਂ ਪ੍ਰਾਪਤ ਕਰਦਾ ਹੈ, ਕੁਵੈਤ ਕਰੀਬ 90 ਫੀਸਦੀ, ਓਮਾਨ 70 ਫੀਸਦੀ, ਕਤਰ 50 ਫੀਸਦੀ, ਦੁਬਈ 42 ਫੀਸਦੀ ਤੇ ਇਜ਼ਰਾਈਲ ਲਗਭਗ 75 ਫੀਸਦੀ ਸਮੁੰਦਰੀ ਪਾਣੀ ਨੂੰ ਸਾਫ਼ ਕਰਕੇ ਇਸ ਨੂੰ ਪੀਣਯੋਗ ਬਣਾਉਂਦੇ ਹਨ।