ਸੰਤ ਸੀਚੇਵਾਲ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ
ਸੰਤ ਸੀਚੇਵਾਲ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ
Publish Date: Sun, 08 Mar 2026 08:04 PM (IST)
Updated Date: Sun, 08 Mar 2026 08:06 PM (IST)

ਵਿਸ਼ਵ ਮਹਿਲਾ ਦਿਵਸ ’ਤੇ ਬੀਬੀਆਂ ਨੂੰ ਦਿੱਤੀ ਵਧਾਈ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਫਿਲੀਪੀਂਸ ਦੀ ਆਪਣੀ 13 ਦਿਨਾਂ ਦੀ ਫੇਰੀ ਉਪੰਰਤ ਦੇਸ਼ ਪਰਤਣ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਿਰਮਲ ਕੁਟੀਆ ਸੁਲਤਾਨਪੁਰ ਤੇ ਸੀਚੇਵਾਲ ਵਿਚ ਨਿੱਘਾ ਸਵਾਗਤ ਕੀਤਾ ਗਿਆ। ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸੰਤ ਸੀਚੇਵਾਲ ਸਿੱਧਾ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਪਹੁੰਚੇ, ਜਿਥੇ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਫੇਰੀ ਦੌਰਾਨ ਉਨ੍ਹਾਂ ਦਾ ਸਾਰਾ ਧਿਆਨ ਅਮਰੀਕਾ-ਇਜ਼ਰਾਇਲ ਵੱਲੋਂ ਈਰਾਨ ‘ਤੇ ਕੀਤੇ ਜਾ ਰਹੇ ਹਮਲਿਆਂ ‘ਤੇ ਹੀ ਰਿਹਾ। ਉਨ੍ਹਾਂ ਕਿਹਾ ਕਿ ਜੰਗ ਨਾਲ ਵੱਡੀ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਲੋਕ ਜੰਗ ਤੋਂ ਡਰਦੇ ਬੰਕਰਾਂ ਵਿਚ ਰਹਿ ਰਹੇ ਹਨ ਜਦ ਕਿ ਉਨ੍ਹਾਂ ਕਸੂਰ ਕੋਈ ਨਹੀ। ਸੰਤ ਸੀਚੇਵਾਲ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਜਿਸ ਘਰ ਵਿਚ ਔਰਤ ਦਾ ਇੱਜਤ-ਮਾਣ ਤੇ ਪੂਰਾ ਸਤਿਕਾਰ ਕੀਤਾ ਜਾਂਦਾ ਹੈ, ਉਸ ਘਰ ਵਿਚੋਂ ਕਦੇ ਬਰਕਤਾਂ ਖਤਮ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਮਾਂ, ਭੈਣ ਤੇ ਪਤਨੀ ਦੇ ਰੂਪ ਵਿਚ ਔਰਤ ਇਕ ਦੇਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਔਰਤ ਦਾ ਸਨਮਾਨ ਵਧਣ ਨਾਲ ਹੀ ਸਮਾਜ ਤੇ ਦੇਸ਼ ਤੱਰਕੀ ਦੇ ਰਾਹ ਪੈ ਸਕਦਾ ਹੈ। ਜਿਥੇ ਔਰਤ ਤਕਲੀਫ਼ ਵਿਚ ਹੈ, ਉਥੇ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਧਰਮ ਵਿਚ ਤਾਂ ਸ਼ੁਰੂ ਤੋਂ ਹੀ ਔਰਤ ਨੂੰ ਬਰਾਬਰ ਦੀ ਭਾਈਵਾਲ ਮੰਨਿਆ ਗਿਆ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਔਰਤ ਵਰਗ ਨੂੰ ਦਿੱਤੇ ਜਾਣ ਵਾਲੇ ਸਨਮਾਨ ਦਾ ਜ਼ਿਕਰ ਕੀਤਾ। 50 ਯੂਨਿਟ ਖੂਨਦਾਨ ਕਰਕੇ ਸਰਕਾਰੀ ਹਸਪਤਾਲ ਨੂੰ ਦਿੱਤੇ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਲੀਪਾਇਨ ਫੇਰੀ ਦੇ ਆਖਰੀ ਦਿਨਾਂ ਦੌਰਾਨ ਪਨਕੀ ਸ਼ਹਿਰ ਵਿੱਚ ਸੇਵਾਦਾਰਾਂ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਯੂਨਿਟ ਦੇ ਕਰੀਬ ਖੂਨਦਾਨ ਸਰਕਾਰੀ ਹਸਪਤਾਲ ਨੂੰ ਦਿੱਤੇ ਗਏ। ਸੰਤ ਸੀਚੇਵਾਲ ਨੇ ਦੱਸਿਆ ਕਿ ਕੁਦਰਤ ਨੇ ਅਜੇ ਤੱਕ ਇਹ ਰਹੱਸ ਆਪਣੇ ਕੋਲ ਰੱਖਿਆ ਹੈ ਕਿ ਖੁਨ ਨੂੰ ਕਿਸੇ ਵੀ ਲੈਬ ਵਿੱਚ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਜੀਵਨ ਸਮਾਜ ਸੇਵਾ ਦੇ ਲੇਖੇ ਲਗਾਉਣ। ਇਹ ਕੈਂਪ ਰੈੱਡ ਕਰਾਸ ਪਨਕੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਸ਼ਾਮ ਵੇਲੇ ਨਿਰਮਲ ਕੁਟੀਆ ਪਨਕੀ ਵਿੱਚ ਹੋਏ ਧਾਰਮਿਕ ਦੀਵਾਨ ਵਿੱਚ ਸੰਤ ਸੀਚੇਵਾਲ ਜੀ ਨੇ ਪ੍ਰਵਚਨਾਂ ਰਾਹੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛੱਕਣ ਦਾ ਸੰਕਲਪ ਤੇ ਚੱਲਣ ਲਈ ਪ੍ਰੇਰਿਆ।