ਸੰਤ ਸੀਚੇਵਾਲ ਵੱਲੋਂ ਪਿੰਡਾਂ ਨੂੰ 25 ਪਾਣੀ ਵਾਲੀਆਂ ਟੈਂਕੀਆਂ ਭੇਟ
ਪੰਜਾਬ ਦੇ ਪਿੰਡਾਂ ਨੂੰ ਹਰਿਆ-ਭਰਿਆ ਬਣਾਉਣ ਲਈ ਸੰਤ ਸੀਚੇਵਾਲ ਵੱਲੋਂ ਪਿੰਡਾਂ ਨੂੰ 25 ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ
Publish Date: Mon, 23 Mar 2026 08:31 PM (IST)
Updated Date: Mon, 23 Mar 2026 08:34 PM (IST)

ਜ਼ਿਲ੍ਹਾ ਕਪੂਰਥਲਾ ਦੇ ਸਰਪੰਚਾਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਪੰਜਾਬ ਦੇ 15 ਜ਼ਿਲ੍ਹਿਆ ਨੂੰ ਹੁਣ ਤੱਕ ਦਿੱਤੀਆਂ ਗਈਆਂ 220 ਟੈਂਕੀਆਂ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਕਪੂਰਥਲਾ ਜ਼ਿਲ੍ਹੇ ਦੇ 25 ਪਿੰਡਾਂ ਨੂੰ 25 ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ ਗਈਆਂ। ਅੱਜ ਸੁਲਤਾਨਪੁਰ ਲੋਧੀ ਤੋਂ ਇਨ੍ਹਾਂ 25 ਟੈਂਕੀਆਂ ਨੂੰ ਰਵਾਨਾ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਇਹ ਸੰਖੇਪ ਸਮਾਗਮ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਿਚ ਹੀ ਪਾਣੀ ਦੀਆਂ ਇਹ 25 ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ 25 ਟੈਂਕੀਆਂ ਵਿਚੋਂ ਇਕ ਟੈਂਕੀ ਤਿੰਨ ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਸੀ ਤੇ 24 ਟੈਂਕੀਆਂ ਪੰਜ ਹਜ਼ਾਰ ਲੀਟਰ ਵਾਲੀ ਸਮਰੱਥਾ ਵਾਲੀਆਂ ਹਨ। ਇਨ੍ਹਾਂ ਸਾਰੀਆਂ ਟੈਂਕੀਆਂ ਦੀ ਕੁਲ ਲਾਗਤ 91 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਜੋ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਪਣੇ ਅਖਤਿਆਰੀ ਫੰਡਜ਼ ਵਿਚੋਂ ਪਿੰਡਾਂ ਨੂੰ ਦਿੱਤੀ ਗਈ ਸੀ। ਪਾਣੀ ਵਾਲੀਆਂ ਟੈਂਕੀਆਂ ਹਾਸਲ ਕਰਨ ਵਾਲੇ ਸਰਪੰਚਾਂ ਨੇ ਇਕਸੁਰ ਹੁੰਦਿਆ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਕਦੇ ਵੀ ਕਿਸੇ ਮੈਂਬਰ ਪਾਰਲੀਮੈਂਟ ਵੱਲੋਂ ਕੋਈ ਗਰਾਂਟ ਨਹੀਂ ਸੀ ਦਿੱਤੀ ਗਈ। ਸੂਜੋਕਾਲੀਆ ਪਿੰਡ ਦੇ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਦੇਸ਼ ਅਜ਼ਾਦ ਹੋਇਆ ਨੂੰ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਪਿੰਡ ਨੂੰ ਪਹਿਲਾਂ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਕੋਈ ਗਰਾਂਟ ਨਹੀਂ ਸੀ ਦਿੱਤੀ। ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਉਨ੍ਹਾਂ ਦੇ ਪਿੰਡ ਦਬੂਲੀਆਂ ਨੂੰ 28 ਲੱਖ ਤੋਂ ਵੱਧ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ। ਇਸ ਵਿਚ ਪਾਣੀ ਵਾਲੀ ਟੈਂਕੀ ਸਮੇਤ ਖੇਡਾਂ ਦੇ ਮੈਦਾਨ ਨੂੰ ਕੌਮਾਂਤਰੀ ਪੱਧਰ ਦਾ ਮਿਆਰ ਦੇਣ ਲਈ ਗਰਾਂਟ ਦਿੱਤੀ ਗਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਅਸਲ ਵਿਚ ਵਿਸ਼ਵ ਜਲ ਦਿਵਸ ਮੌਕੇ ਪਾਣੀ ਵਾਲੀਆਂ ਇਹ ਟੈਂਕੀਆਂ ਦਿੱਤੀਆਂ ਜਾਣੀਆ ਸਨ ਪਰ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਚਲਦਿਆਂ ਮਜ਼ਬੂਰੀ ਵੱਸ ਇਹ ਸਮਾਗਮ ਇਕ ਦਿਨ ਲਈ ਭਾਵ ਕਿ ਅੱਜ ਤੱਕ ਲਈ ਅੱਗੇ ਪਾਉਣਾ ਪਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਅਖਤਿਆਰੀ ਫੰਡ ਵਿਚੋਂ ਹੁਣ ਤੱਕ ਪੰਜਾਬ ਦੇ 15 ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਨੂੰ 220 ਵਾਟਰ ਟੈਂਕਰ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਟੈਂਕੀਆਂ ’ਤੇ ਕੁਲ 8 ਕਰੋੜ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਜਲੰਧਰ, ਕਪੂਰਥਲਾ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਫਰੀਦਕੋਟ, ਲੁਧਿਆਣਾ, ਮਾਨਸਾ, ਮੋਗਾ, ਕੋਟਕਪੂਰਾ, ਸ਼੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਹੁਸ਼ਿਆਰਪੁਰ, ਮੁਕਤਸਰ ਸਾਹਿਬ, ਰੂਪਨਗਰ ਤੇ ਬਠਿੰਡਾ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਹੈ, ਇਸੇ ਕਾਰਨ ਉਹ ਜਿਥੇ ਵਾਤਾਵਰਣ ਸਬੰਧੀ ਮੁੱਦਿਆਂ ਨੂੰ ਬੜੀ ਮਜ਼ਬੂਤੀ ਨਾਲ ਰੱਖਣ ਵਿਚ ਕਾਮਯਾਬ ਹੋਏ ਹਨ, ਉਥੇ ਹੀ ਲੋਕ ਭਲਾਈ ਵਾਸਤੇ ਹਰ ਸਾਲ ਪੰਜ ਕਰੋੜ ਦੀ ਗਰਾਂਟ ਖਰਚ ਕਰ ਰਹੇ ਹਨ। ਪਾਣੀਆਂ ਵਾਲੀਆਂ ਟੈਂਕੀਆਂ ਇਸ ਦੀ ਸਪੱਸ਼ਟ ਉਦਾਹਰਣ ਹੈ।