- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡ ਦੇ ਆਖਰੀ ਪੀੜਤ ਕਿਸਾਨ ਤੱਕ ਪਹੁੰਚ ਰਹੇ ਹਨ ਸੰਤ ਸੀਚੇਵਾਲ

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬਾਊਪੁਰ ਮੰਡ ਇਲਾਕੇ ਵਿਚ ਹੜ੍ਹ ਕਾਰਨ ਹੋਈ ਤਬਾਹੀ ਨੂੰ ਛੇ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਵੀ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਪੂਰੀ ਤਰ੍ਹਾਂ ਪੱਧਰੀਆਂ ਨਹੀਂ ਹੋ ਸਕੀਆਂ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ਦੇ ਪੀੜਤ ਕਿਸਾਨਾਂ ਦੀ ਮਦਦ ਲਈ ਕਾਰ ਸੇਵਾ ਲਗਾਤਾਰ ਜਾਰੀ ਹੈ। ਮੰਡ ਇਲਾਕੇ ਦੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਮੰਡ ਦੇ ਆਖ਼ਰੀ ਕਿਸਾਨ ਦੀ ਜ਼ਮੀਨ ਪੱਧਰੀ ਨਹੀਂ ਹੋ ਜਾਂਦੀ, ਤਦ ਤੱਕ ਕਾਰ ਸੇਵਾ ਸੰਗਤ ਦੇ ਸਹਿਯੋਗ ਨਾਲ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਬਾਊਪੁਰ ਮੰਡ ਵਿਚ ਅਜੇ ਵੀ 13 ਟ੍ਰੈਕਟਰਾਂ ਤੇ ਐਕਸਾਵੇਟਰ ਮਸ਼ੀਨਾਂ ਦੀ ਮਦਦ ਨਾਲ ਕਿਸਾਨਾਂ ਦੇ ਖੇਤ ਪੱਧਰੇ ਕੀਤੇ ਜਾ ਰਹੇ ਹਨ। ਮੰਡ ਮੁਬਾਰਕਪੁਰ ਦੇ ਕਿਸਾਨ ਭਰਾਵਾਂ ਸੁਖਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 9 ਏਕੜ ਜ਼ਮੀਨ ਵਿਚ ਹੜ੍ਹ ਕਾਰਨ 7 ਤੋਂ 8 ਫੁੱਟ ਤੱਕ ਰੇਤ ਜਮ੍ਹਾਂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿਛਲੇ ਦੋ ਮਹੀਨਿਆਂ ਤੋਂ ਜ਼ਮੀਨ ਪੱਧਰੀ ਕਰਨ ਦਾ ਕੰਮ ਚੱਲ ਰਿਹਾ ਹੈ। ਰੋਜ਼ਾਨਾ 8 ਤੋਂ 10 ਟ੍ਰੈਕਟਰ, ਐਕਸਾਵੇਟਰ ਤੇ ਲੇਜ਼ਰ ਲੈਵਲ ਮਸ਼ੀਨਾਂ ਕੰਮ ਕਰ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਇੰਨੀ ਵੱਡੀ ਮਾਤਰਾ ਵਿਚ ਡੀਜ਼ਲ ਦੀ ਖਪਤ ਕਰਨਾ ਉਨ੍ਹਾਂ ਦੇ ਵੱਸ ਤੋਂ ਬਾਹਰ ਸੀ, ਜੋ ਕਾਰ ਸੇਵਾ ਰਾਹੀਂ ਸੰਭਵ ਹੋ ਸਕਿਆ। ਇਸੇ ਤਰ੍ਹਾਂ ਮੰਡ ਦੇ ਨੌਜਵਾਨ ਕਿਸਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸਦੇ 12 ਖੇਤਾਂ ਵਿਚ ਹੜ੍ਹ ਦੌਰਾਨ ਰੇਤ ਭਰ ਗਈ ਸੀ। ਸੰਤ ਸੀਚੇਵਾਲ ਦੀ ਮਦਦ ਨਾਲ ਪਹਿਲਾਂ ਤਿੰਨ ਖੇਤਾਂ ਵਿਚ ਖਾਲ ਪੁੱਟ ਕੇ ਰੇਤ ਭਰੀ ਜਾ ਰਹੀ ਹੈ, ਤਾਂ ਜੋ ਬਾਅਦ ਵਿਚ ਬਾਕੀ ਖੇਤਾਂ ਨੂੰ ਪੱਧਰਾ ਕੀਤਾ ਜਾ ਸਕੇ।
ਨਿੱਜੀ ਸਕੂਲ ਹੜ੍ਹ ਪੀੜਤਾਂ ਤੋਂ ਫੀਸ ਵਸੂਲਣ ’ਤੇ ਅੜ੍ਹੇ
ਮੰਡ ਇਲਾਕੇ ਦੇ ਦੌਰੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਜਿਹੇ ਪਰਿਵਾਰ ਵੀ ਮਿਲੇ ਜਿਨ੍ਹਾਂ ਦੇ ਬੱਚੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਹਨ। ਮਾਪਿਆਂ ਨੇ ਦੋਸ਼ ਲਾਇਆ ਕਿ ਫੀਸਾਂ ਅਦਾ ਨਾ ਹੋਣ ਕਾਰਨ ਸਕੂਲ ਪ੍ਰਬੰਧਕ ਕਮੇਟੀਆਂ ਹੜ੍ਹ ਪੀੜਤ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕ ਰਹੀਆਂ ਹਨ। ਸੰਤ ਸੀਚੇਵਾਲ ਨੇ ਨਿੱਜੀ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਭਰਾ ਰਵੱਈਆ ਅਪਣਾਇਆ ਜਾਵੇ ਤੇ ਬੱਚਿਆਂ ਨੂੰ ਫੀਸਾਂ ਦੇ ਮਸਲੇ ਕਾਰਨ ਪ੍ਰੀਖਿਆਵਾਂ ਤੋਂ ਵਾਂਝੇ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਬੱਚੇ ਦਾ ਮੂਲ ਅਧਿਕਾਰ ਹੈ ਤੇ ਕਿਸੇ ਵੀ ਬੱਚੇ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਨਹੀਂ ਜਾ ਸਕਦਾ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਨਿੱਜੀ ਸਕੂਲ ਹੜ੍ਹ ਪੀੜਤ ਪਰਿਵਾਰਾਂ ਤੋਂ ਫੀਸਾਂ ਵਸੂਲਣ ’ਤੇ ਅੜੇ ਰਹੇ, ਤਾਂ ਉਨ੍ਹਾਂ ਫੀਸਾਂ ਦਾ ਪ੍ਰਬੰਧ ਵੀ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਵੇਗਾ।