ਬਿਆਸ ਦਰਿਆ ਦੇ ਬੰਨ੍ਹ 'ਤੇ 900 ਮੀਟਰ ਤੱਕ ਲਾਇਆ ਜਾਵੇਗਾ ਪੱਥਰ
ਬਿਆਸ ਦਰਿਆ ਕਿਨਾਰੇ ਪੱਥਰ ਲੱਗਣ ਦੇ ਕੰਮ ਦਾ ਸੰਤ ਸੀਚੇਵਾਲ ਨੇ ਕੀਤਾ ਨਿਰੀਖਣ
Publish Date: Tue, 10 Mar 2026 09:44 PM (IST)
Updated Date: Tue, 10 Mar 2026 09:45 PM (IST)

ਪੱਥਰ ਲੱਗਣ ਦੇ ਕੰਮ ਦਾ ਸੰਤ ਸੀਚੇਵਾਲ ਨੇ ਕੀਤਾ ਨਿਰੀਖਣ ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਿਆਸ ਦਰਿਆ ਦੇ ਮੰਡ ਇਲਾਕੇ ਵਿਚ ਹੜ੍ਹਾਂ ਤੋਂ ਬਚਾਅ ਲਈ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪੱਥਰ ਲਗਾਉਣ ਦੇ ਕੰਮ ਦਾ ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰੀਖਣ ਕੀਤਾ। ਉਨ੍ਹਾਂ ਆਹਲੀ ਖੁਰਦ ਤੇ ਆਹਲੀ ਕਲਾਂ ਦੇ ਉਸ ਸਥਾਨ ਦਾ ਦੌਰਾ ਕੀਤਾ, ਜਿਥੇ ਅਗਸਤ 2025 ਦੌਰਾਨ ਬੰਨ੍ਹ ਟੁੱਟਣ ਕਾਰਨ ਭਾਰੀ ਤਬਾਹੀ ਮਚੀ ਸੀ। ਡਰੇਨੇਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਨ੍ਹ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਰੀਬ 900 ਮੀਟਰ ਤੱਕ ਪੱਥਰ ਲਗਾਏ ਜਾਣਗੇ, ਤਾਂ ਜੋ ਆਉਣ ਵਾਲੀਆਂ ਬਰਸਾਤਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਰੇਟਾਂ ਤਿਆਰ ਕਰਕੇ ਪੱਥਰਾਂ ਨੂੰ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਬੰਨ੍ਹ ਨੂੰ ਮਜ਼ਬੂਤ ਢਾਲ ਮਿਲੇਗੀ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਬਿਆਸ ਦਰਿਆ ਵਿਚ ਆਏ ਹੜ੍ਹਾਂ ਨੇ ਪਿਛਲੇ ਸਾਲ ਇਸ ਇਲਾਕੇ ਵਿਚ ਵੱਡਾ ਨੁਕਸਾਨ ਕੀਤਾ ਸੀ ਤੇ ਕਰੀਬ ਇਕ ਮਹੀਨੇ ਤੱਕ ਪਾਣੀ ਖੜ੍ਹਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸੰਗਤਾਂ ਨੇ ਦਿਲ ਖੋਲ੍ਹ ਕੇ ਸੇਵਾ ਕੀਤੀ, ਜਿਸ ਨਾਲ ਇਲਾਕਾ ਮੁੜ ਸੰਭਲ ਸਕਿਆ। ਉਨ੍ਹਾਂ ਦੱਸਿਆ ਕਿ ਇਹ ਥਾਂ ਸਭ ਤੋਂ ਜ਼ਿਆਦਾ ਨਾਜ਼ੁਕ ਸੀ, ਕਿਉਂਕਿ ਇਥੇ ਦਰਿਆ ਦਾ ਪਾਣੀ ਘੁੰਮ ਕੇ ਟੱਕਰ ਖਾਂਦਾ ਹੈ, ਜਿਸ ਕਾਰਨ ਕਿਨਾਰੇ ਕੱਟਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਕੰਮ ਦੀ ਸ਼ੁਰੂਆਤ ਵੀ ਇਥੋਂ ਹੀ ਕੀਤੀ ਗਈ ਹੈ। ਆਹਲੀ ਕਲਾਂ ਤੇ ਆਹਲੀ ਖੁਰਦ ਦੀਆਂ ਸੰਗਤਾਂ ਨੇ ਦੱਸਿਆ ਕਿ ਹੜ੍ਹਾਂ ਦੇ ਸਮੇਂ ਤੋਂ ਹੀ ਸੰਤ ਸੀਚੇਵਾਲ ਨੇ ਇਸ ਇਲਾਕੇ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਹੜ੍ਹਾਂ ਦੌਰਾਨ ਉਹ ਪਹਿਲੇ ਦਿਨ ਤੋਂ ਹੀ ਮੌਕੇ ‘ਤੇ ਸੇਵਾ ਵਿਚ ਡਟੇ ਰਹੇ ਤੇ ਬਾਅਦ ਵਿਚ ਵੀ ਖੇਤਾਂ ਵਿਚ ਜੰਮ੍ਹੀ ਮਿੱਟੀ ਨੂੰ ਹਟਾਉਣ ਲਈ ਲਗਾਤਾਰ ਸੇਵਾ ਚਲਾਈ ਗਈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਤ ਸੀਚੇਵਾਲ ਕੋਲ ਬੰਨ੍ਹ ਦੇ ਨਾਲ ਪੱਥਰ ਲਗਾਉਣ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਵਾਈ ਤੇ ਹੁਣ ਇਸ ਇਲਾਕੇ ਵਿਚ ਸਭ ਤੋਂ ਨਾਜ਼ੁਕ ਥਾਵਾਂ ‘ਤੇ ਪੱਥਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਹਲੀ ਕਲਾਂ ਤੇ ਹੁਸੈਨਪੁਰ ਕੋਲ ਬਾਕੀ ਰਹਿੰਦੇ ਹਿੱਸਿਆਂ ਲਈ ਵੀ ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੌਕੇ ’ਤੇ ਗੱਲਬਾਤ ਕੀਤੀ। ਇਲਾਕੇ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੜ੍ਹਾਂ ਨਾਲ ਤਬਾਹ ਹੋਇਆ ਇਲਾਕਾ ਮੁੜ ਪੈਰਾਂ ‘ਤੇ ਖੜ੍ਹਾ ਹੋ ਗਿਆ ਹੈ। ਜਿਥੇ ਕੁਝ ਮਹੀਨੇ ਪਹਿਲਾਂ ਸਿਰਫ ਰੇਤ ਦੇ ਢੇਰ ਦਿਖਾਈ ਦਿੰਦੇ ਸਨ, ਉਥੇ ਹੁਣ ਮੁੜ ਹਰਿਆਲੀ ਨਜ਼ਰ ਆਉਣ ਲੱਗ ਪਈ ਹੈ।