ਫਿਲੀਪਾਈਨ ਦੇ ਗੁਰੂ ਘਰ ’ਚ ਸੰਤ ਸੀਚੇਵਾਲ ਦਾ ਸਨਮਾਨ
ਫਿਲੀਪਾਈਨ ਦੇ ਗੁਰੂਘਰ ਵਿੱਚ ਸੰਤ ਸੀਚੇਵਾਲ ਦਾ ਸਨਮਾਨ
Publish Date: Thu, 26 Feb 2026 08:37 PM (IST)
Updated Date: Thu, 26 Feb 2026 08:40 PM (IST)
ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਦੀ ਸੰਗਤਾਂ ਵੱਲੋਂ ਸ਼ਲਾਘਾ
ਸੇਵਾ, ਸਿਮਰਨ ਤੇ ਸਾਂਝੀਵਾਲਤਾ ਹੀ ਸਿੱਖ ਧਰਮ ਦੀ ਅਸਲ ਪਛਾਣ : ਸੰਤ ਸੀਚੇਵਾਲ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲੀਪਾਈਨ ਦੀ ਧਾਰਮਿਕ ਫੇਰੀ ਦੌਰਾਨ ਉਰਦਾਨੇਤਾ ਵਿਚ ਸਥਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਹਾਜ਼ਰੀ ਭਰਕੇ ਸੰਗਤਾਂ ਨਾਲ ਮੁਲਾਕਾਤ ਕੀਤੀ। ਸਮਾਗਮ ਦੌਰਾਨ ਸੰਗਤਾਂ ਵੱਲੋਂ ਸੰਤ ਸੀਚੇਵਾਲ ਵੱਲੋਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਮਨੁੱਖਤਾ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ। ਮਨਜਿੰਦਰ ਸਿੰਘ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਸੰਤ ਸੀਚੇਵਾਲ ਨੇ ਹਮੇਸ਼ਾ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਤੇ ਹਜ਼ਾਰਾਂ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ, ਜੋ ਸੇਵਾ ਭਾਵਨਾ ਦੀ ਉੱਚੀ ਮਿਸਾਲ ਹੈ। ਇਸ ਤੋਂ ਇਲਾਵਾ ਰਾਜ ਸਭਾ ਵਿਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਤੇ ਸੰਸਦੀ ਕਾਰਵਾਈ ਦੌਰਾਨ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਉਣ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਵਿਸ਼ੇਸ਼ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਾਰਲੀਮੈਂਟ ਵਿਚ ਪਹਿਲਾ ਮੁੱਦਾ ਹੀ ਮਾਂ ਬੋਲੀ ਪੰਜਾਬੀ ਦਾ ਉਠਾਉਣਾ ਬਹੁਤ ਵੱਡਾ ਕਦਮ ਸੀ, ਜਿਨ੍ਹਾਂ ਦੀ ਪਹਿਲਕਦਮੀ ਸਦਕਾ ਸੰਸਦ ਦੇ ਦੋਵਾਂ ਸਦਨਾਂ ਵਿਚ ਪੰਜਾਬੀ ਸਮੇਤ ਹੋਰ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਮਿਲੀ। ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ, ਮਾਂ ਬੋਲੀ ਤੇ ਧਾਰਮਿਕ ਸੱਭਿਅਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੇਵਾ, ਸਿਮਰਨ ਤੇ ਸਾਂਝੀਵਾਲਤਾ ਹੀ ਸਿੱਖ ਧਰਮ ਦੀ ਅਸਲ ਪਛਾਣ ਹੈ ਤੇ ਹਰ ਇਨਸਾਨ ਨੂੰ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਹੈੱਡਗ੍ਰੰਥੀ ਬਲਜੀਤ ਸਿੰਘ, ਸੇਵਾਦਾਰ ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਰਮਨਦੀਪ ਸਿੰਘ ਸਮੇਤ ਸਥਾਨਕ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਰਹੀਆਂ।