ਸੁਰੱਖਿਆ ਦੇ ਮੱਦੇਨਜ਼ਰ ਪਵਿੱਤਰ ਵੇਈਂ ਕਿਨਾਰੇ ਲੱਗਣਗੇ ਸੀਸੀਟੀਵੀ ਕੈਮਰੇ
ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਸੰਤ ਸੀਚੇਵਾਲ ਨੇ ਅਧਿਕਾਰੀਆਂ ਨਾਲ ਕੀਤੀ ਉਚੇਚੀ ਮੀਟਿੰਗ
Publish Date: Fri, 27 Mar 2026 08:03 PM (IST)
Updated Date: Sat, 28 Mar 2026 04:11 AM (IST)

ਕੁਲਬੀਰ ਸਿੰਘ ਮਿੰਟੂ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਉਚੇਚੀ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਤਿਹਾਸਕ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਵਿਚਲੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਆਉਂਦੀਆਂ ਹਨ। ਇਸ ਦੇ ਮੱਦੇਨਜ਼ਰ ਇਹ ਸ਼ਹਿਰ ਸਫ਼ਾਈ ਅਤੇ ਸੁੰਦਰਤਾ ਪੱਖ ਤੋਂ ਮੋਹਰੀ ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ ਐੱਸਡੀਐੱਮ ਅੰਮ੍ਰਿਤਪਾਲ ਸਿੰਘ, ਡੀਐਸਪੀ ਧਰੇਂਦਰ ਵਰਮਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਜਤਿੰਦਰ ਸੋਨੀ ਅਤੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਿਆ ਸੀ ਤੇ ਵੱਖ-ਵੱਖ ਵਿਕਾਸ ਕਾਰਜਾਂ ’ਤੇ 240 ਕਰੋੜ ਦੀ ਰਕਮ ਖਰਚ ਕੀਤੀ ਜਾਣੀ ਸੀ। ਇਨ੍ਹਾਂ ਪ੍ਰਾਜੈਕਟਾਂ ਵਿੱਚ ਪਵਿੱਤਰ ਕਾਲੀ ਵੇਈਂ ਦੀ ਸਾਫ਼ ਸਫਾਈ ਅਤੇ ਸੁੰਦਰਤਾ ‘ਤੇ 46 ਕਰੋੜ ਦੀ ਰਕਮ ਖਰਚੀ ਜਾਣੀ ਸੀ। ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਪਿਛਲੇ ਤਿੰਨ ਸਾਲ ਤੋਂ ਪੁੱਟ ਪਟਾਈ ਕੀਤੇ ਜਾਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਚਰਚਾ ਕੀਤੀ ਗਈ। ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਆਉਂਦੇ ਕੁਝ ਦਿਨਾਂ ਵਿੱਚ ਹੀ ਸ਼ਹਿਰ ਦੀਆਂ ਅੰਦਰ ਵਾਲੀਆਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਸੰਤ ਸੀਚੇਵਾਲ ਨੇ ਡੀਐਸਪੀ ਧੀਰੇਂਦਰ ਵਰਮਾ ਦੇ ਧਿਆਨ ਵਿੱਚ ਲਿਆਂਦਾ ਕਿ ਸ਼ਹਿਰ ਵਿਚ ਅਪਰਾਧਿਕ ਵਰਦਾਤਾਂ ਵੱਧ ਰਹੀਆਂ ਹਨ। ਸੰਗਤ ਗੁਰੂ ਘਰਾਂ ਵਿੱਚ ਮੱਥਾ ਟੇਕਣ ਜਾਂਦੀ ਤਾਂ ਵਾਪਸੀ ਦੌਰਾਨ ਉਨ੍ਹਾਂ ਦੇ ਮੋਟਰ ਸਾਈਕਲ ਚੁੱਕੇ ਜਾਂਦੇ ਹਨ। ਮੋਟਰ ਸਾਈਕਲ ਚੋਰੀ ਹੋਣ ਦਾ ਵਰਤਾਰਾ ਆਮ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸਾਰੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਵੀ ਲਾਏ ਜਾਣੇ ਸਨ ਤਾਂ ਜੋ ਅਪਰਾਧੀਆਂ ‘ਤੇ ਨਜ਼ਰਾਂ ਰੱਖੀਆਂ ਜਾ ਸਕਣ। ਪਵਿੱਤਰ ਵੇਈਂ ਕਿਨਾਰੇ ਸਮਾਜ ਵਿਰੋਧੀ ਅਨਸਰਾਂ ਦੀਆਂ ਵਧ ਰਹੀਆਂ ਗਤੀਵਿਧੀਆਂ ਚਿੰਤਾਜਨਕ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਈਂ ’ਤੇ ਸੀਸੀਟੀਵੀ ਕੈਮਰੇ ਜਲਦੀ ਲਗਵਾਏ ਜਾਣਗੇ ਤਾਂ ਜੋ ਅਜਿਹੇ ਅਨਸਰਾਂ ‘ਤੇ ਨਜ਼ਰਾਂ ਰੱਖੀਆਂ ਜਾ ਸਕਣ। ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਈਂ ਜਿੱਥੇ ਸ਼ਰਧਾ ਤੇ ਸਤਿਕਾਰ ਦੀ ਪ੍ਰਤੀਕ ਹੈ। ਉਥੇ ਇਹ ਵੇਈਂ ਪੰਜਾਬ ਦੀ ਇੱਕ ਵੱਡੀ ਸੈਰਗਾਹ ਵਜੋਂ ਵੀ ਉਭਾਰੀ ਹੈ। ਲੋਕ ਇਸ ਦੇ ਕਿਨਾਰਿਆਂ ‘ਤੇ ਸਵੇਰੇ-ਸ਼ਾਮ ਸੈਰ ਕਰਦੇ ਹਨ ਤੇ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਕੇ ਵੀ ਦੇਖਦੇ ਹਨ ਅਤੇ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਵੀ ਵਧੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਦੇ ਧਿਆਨ ਵਿੱਚ ਲਿਆਂਦਾ ਕਿ ਵਿਸਾਖੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਪਵਿੱਤਰ ਵੇਈਂ ’ਚ ਜਿੱਥੋਂ ਜਿੱਥੋਂ ਵੀ ਗੰਦਾ ਪਾਣੀ ਪੈ ਰਿਹਾ ਹੈ ਉਸ ਨੂੰ ਰੋਕਿਆ ਜਾਵੇ। ਅਨਾਜ ਮੰਡੀ ਅਤੇ ਸ਼ਹਿਰ ਵਿੱਚੋਂ ਥਾਂ-ਥਾਂ ਤੋਂ ਬਰਸਾਤੀ ਪਾਣੀ ਦੀਆਂ ਬਰਸਾਤੀ ਪਾਇਪਾਂ ਰਾਹੀ ਪਵਿੱਤਰ ਵੇਈਂ ਵਿੱਚ ਲਗਾਤਾਰ ਗੰਦਾ ਪਾਣੀ ਆ ਰਿਹਾ ਹੈ। ਇਸ ਗੰਦੇ ਪਾਣੀ ਨੂੰ ਪਹਿਲ ਦੇ ਅਧਾਰ ’ਤੇ ਰੋਕਣ ਦੀਆਂ ਹਦਾਇਤਾਂ ਜਾਰੀ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਵਿਸਾਖੀ ਤੋਂ ਪਹਿਲਾਂ ਗੰਦੇ ਪਾਣੀ ਰੋਕੇ ਜਾਣ ਕਿਉਂਕਿ ਸੰਗਤਾਂ ਨੇ ਵੇਈਂ ਵਿੱਚ ਇਸ਼ਨਾਨ ਕਰਨਾ ਹੈ। ਸਾਰੇ ਅਧਿਕਾਰੀਆਂ ਨੂੰ ਨਾਲ ਲੈਕੇ ਸੰਤ ਸੀਚੇਵਾਲ ਨੇ ਮੌਕੇ ਪਵਿੱਤਰ ਵੇਈਂ ਕੰਢੇ ਲਿਜਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।