ਸੰਤ ਸੀਚੇਵਾਲ ਨੇ ਵਿਸਾਖੀ ਦੇ ਦਿਹਾੜੇ ਮੌਕੇ ਪਾਣੀਆਂ ਨੂੰ ਸੰਭਾਲਣ ਦਾ ਦਿੱਤਾ ਸੱਦਾ
ਸੰਤ ਸੀਚੇਵਾਲ ਵੱਲੋ ਵਿਸਾਖੀ ਦੇ ਦਿਹਾੜੇ ਮੌਕੇ ਪਾਣੀਆਂ ਨੂੰ ਸੰਭਾਲਣ ਦਾ ਸੱਦਾ
Publish Date: Tue, 14 Apr 2026 09:19 PM (IST)
Updated Date: Tue, 14 Apr 2026 09:21 PM (IST)

ਪਵਿੱਤਰ ਵੇਈਂ ਵਾਂਗ ਬੁੱਢੇ ਦਰਿਆ ਦੇ ਪੱਤਣ ’ਤੇ ਵੀ ਸੰਗਤਾਂ ਨੇ ਕੀਤਾ ਇਸ਼ਨਾਨ ਵਿਸਾਖੀ ਦੇ ਮੇਲਿਆਂ ਨੇ ਪੰਜਾਬ ਦੇ ਪੁਰਾਤਨ ਵਿਰਸੇ ਦੀ ਯਾਦ ਨੂੰ ਮੁੜ ਕੀਤਾ ਤਾਜ਼ਾ : ਸੰਤ ਸੁਖਜੀਤ ਸਿੰਘ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਸਾਖੀ ਦੇ ਤਿਉਹਾਰ ਮੌਕੇ ਪਵਿੱਤਰ ਕਾਲੀ ਵੇਈਂ ਦੇ ਪੱਤਣਾਂ ਤੇ ਪੰਜ ਥਾਈਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਗੁਰਸੰਗਤਾਂ ਵਲੋਂ ਇਸ਼ਨਾਨ ਕੀਤਾ ਗਿਆ। ਵੱਖ-ਵੱਖ ਥਾਈਂ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਸੰਗਤਾਂ ਨੂੰ ਸਮਾਗਮ ਦਾ ਇਤਿਹਾਸਿਕ ਪਿਛੋਕੜ ਦੱਸਦਿਆ ਕਿਹਾ ਕਿ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਸਤਲੁਜ ਦਰਿਆ ਵਿੱਚੋਂ ਨਿਰਮਲ ਜਲ ਲਿਆ ਸੀ। ਉਹਨਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੱਡੇ ਵਡੇਰੇ ਪਾਣੀ ਦੇ ਕੁਦਰਤੀ ਸਰੋਤਾਂ ਕਿਨਾਰੇ ਵਿਸਾਖੀ ਮਨਾਇਆ ਕਰਦੇ ਸਨ ਤੇ ਉਹ ਕੁਦਰਤੀ ਸਰੋਤਾਂ ਨੂੰ ਗੰਧਲਾ ਨਹੀ ਕਰਦੇ ਸਨ ਜਿਸ ਨਾਲ ਪਾਣੀ ਦੇ ਕੁਦਰਤੀ ਸਰੋਤਾਂ ਨਾਲ ਲੋਕਾਂ ਦੀ ਧਾਰਮਿਕ ਤੇ ਸਮਾਜਿਕ ਸਾਂਝ ਬਣੀ ਰਹਿੰਦੀ ਸੀ। ਪਰ ਸਮੇਂ ਨੇ ਇਸ ਕਦਰ ਕਰਵੱਟ ਲਈ ਕਿ ਜਿਸ ਪਾਣੀ ਨੂੰ ਸਾਡੇ ਵੱਡੇ ਵਡੇਰਿਆਂ ਤੇ ਗੁਰੂ ਸਹਿਬਾਨ ਨੇ ਪਿਤਾ ਦਾ ਦਰਜਾ ਦਿੱਤਾ ਸੀ ਅਸੀ ਉਹਨਾਂ ਨੂੰ ਹੀ ਵਿਕਾਸ ਦੇ ਨਾਂ ’ਤੇ ਇਸ ਕਦਰ ਪ੍ਰਦੂਸ਼ਿਤ ਕਰ ਲਿਆ ਹੈ ਕਿ ਪੀਣ ਲਈ ਵੀ ਸਾਨੂੰ ਪਾਣੀ ਮੁੱਲ ਲੈਣਾ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਵਾਂਗ ਹੁਣ ਪਵਿੱਤਰ ਬੁੱਢੇ ਦਰਿਆ ਕਿਨਾਰੇ ਵੀ ਵਿਸਾਖੀ ਮੌਕੇ ਸੰਗਤਾਂ ਦੂਰ ਦਰਾਡੇ ਤੋਂ ਇਸ਼ਨਾਨ ਕਰਨ ਲਈ ਪਹੁੰਚੀਆਂ। ਪਵਿੱਤਰ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੇ ਸਾਰਥਿਕ ਨਤੀਜੇ ਆ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਦੂਜੀ ਵਾਰ ਪਿੰਡ ਭੂਖੜੀ ਵਿਖੇ ਸੰਗਤਾਂ ਨੇ ਪਵਿੱਤਰ ਬੁੱਢੇ ਦਰਿਆ ਦੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕੀਤਾ। ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਲੁਧਿਆਣਾ ਸ਼ਹਿਰ ਦੀ ਆਮਦ ਵਿੱਚ ਬਣੇ ਸੰਗਤ ਘਾਟ ਵਿਖੇ ਵੀ ਵਿਸਾਖੀ ਮੇਲਾ ਮਨਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸੀ। ਉਹਨਾਂ ਦੱਸਿਆ ਕਿ ਪਿੰਡ ਭੂਖੜੀ ਪਵਿੱਤਰ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਸ਼ੁਰੂਆਤ ਹੈ, ਜੋ ਬੁੱਢੇ ਦਰਿਆ ਨੂੰ ਅਖੀਰ ਤੱਕ ਸਾਫ਼ ਕਰਨ ਤੱਕ ਜਾਰੀ ਰਹੇਗੀ। ਵੇਈਂ ਦੇ ਮੁੱਢ ਸਰੋਤ ਨਿਰਮਲ ਕੁਟੀਆ ਗਾਲੋਵਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਇਸ਼ਨਾਨ ਕਰਨ ਲਈ ਪਹੁੰਚਣ ਲੱਗ ਗਈਆਂ ਸੀ। ਨਿਰਮਲ ਕੁਟੀਆ ਭੁੱਲਥ, ਨਿਰਮਲ ਕੁਟੀਆ ਸੁਭਾਨਪੁਰ, ਨਿਰਮਲ ਕੁਟੀਆ ਭਵਾਨੀਪੁਰ ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵੀ ਧਾਰਮਿਕ ਦੀਵਾਨ ਸਜਾਏ ਗਏ ਤੇ ਸੰਗਤਾਂ ਦੇ ਵਿਸਾਖੀ ਇਸ਼ਨਾਨ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਸ਼ਾਮ ਦਾ ਦੀਵਾਨ ਭੁਲੱਥ ਵਿਖੇ ਸਜਾਇਆ ਗਿਆ। ਸਮਾਗਮਾਂ ਦੀ ਦੇਖ-ਰੇਖ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਵੇਈਂ ਦੀ ਇਤਿਹਾਸਕ ਕਾਰ ਸੇਵਾ ਤੋਂ ਬਾਅਦ ਪਵਿੱਤਰ ਕਾਲੀ ਵੇਈਂ ਕਿਨਾਰੇ ਲੱਗਦੇ ਵਿਸਾਖੀ ਦੇ ਮੇਲਿਆਂ ਨੇ ਪੰਜਾਬ ਦੇ ਪੁਰਾਤਨ ਵਿਰਸੇ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਇਹਨਾਂ ਦੀਵਾਨਾਂ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਵਿਦਿਆਲਿਆ ਦੇ ਵਿਦਿਆਰਥੀਆਂ, ਭਾਈ ਤਜਿੰਦਰ ਸਿੰਘ ਸਰਪੰਚ ਸੀਚੇਵਾਲ ਸਮੇਤ ਢਾਡੀ, ਕਵੀਸ਼ਰੀ ਅਤੇ ਕੀਰਤਨ ਜਥਿਆਂ ਨੇ ਹਾਜ਼ਰੀ ਭਰੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।