ਸੰਧੂ ਚੱਠਾ ਦਾ ਛਿੰਝ ਮੇਲਾ ਯਾਦਗਾਰ ਹੋ ਨਿਬੜਿਆ
ਲੱਖ ਦਾਤਾ ਦੀ ਯਾਦ ’ਚ ਸੰਧੂ ਚੱਠਾ ਦਾ ਛਿੰਝ ਮੇਲਾ ਯਾਦਗਾਰ ਹੋ ਨਿਬੜਿਆ
Publish Date: Mon, 23 Feb 2026 08:48 PM (IST)
Updated Date: Mon, 23 Feb 2026 08:52 PM (IST)

ਹਮੀਦੀ ਈਰਾਨ ਨੇ ਜਿੱਤਿਆ ਪਟਕਾ, ਜੇਤੂ ਪਹਿਲਵਾਨਾਂ ਨੂੰ ਮੋਟਰਸਾਈਕਲਾਂ ਨਾਲ਼ ਕੀਤਾ ਸਨਮਾਨਿਤ ਗਾਇਕ ਕੇਐੱਸ ਮੱਖਣ ਨੇ ਨਵੇਂ-ਪੁਰਾਣੇ ਗੀਤਾਂ ਨਾਲ਼ ਲੋਕਾਂ ਨੂੰ ਨੱਚਣ ਲਈ ਕੀਤਾ ਮਜਬੂਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਸੰਧੂ ਚੱਠਾ ਵਿਖੇ ਸਥਿਤ ਲੱਖ ਦਾਤਾ ਪੀਰ ਜੀ ਦੀ ਯਾਦ ਚ ਦਰਬਾਰ ਦੇ ਪਹਿਲੇ ਸੇਵਾਦਾਰ ਮਰਹੂਮ ਬਾਬਾ ਉਜਾਗਰ ਸਿੰਘ ਕੂੜਾ ਵੱਲੋਂ ਸ਼ੁਰੂ ਕੀਤਾ ਪੁਰਾਤਨ ਛਿੰਝ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਦਨ ਲਾਲ ਦੇ ਮੁੱਖ ਪ੍ਰਬੰਧ ’ਚ ਬਾਬਾ ਕਾਲ਼ਾ ਮੇਹਰ ਖੇਡ ਸਟੇਡੀਅਮ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਕਿਸ਼ੀ ਖੋਸਲਾ ਇਟਲੀ, ਸੈਕਟਰੀ ਮਨਜੀਤ ਸਿੰਘ ਸੋਹਲ, ਖਜ਼ਾਨਚੀ ਡਾ. ਨਿਰਮਲ ਸਿੰਘ, ਲਖਵੀਰ ਸਿੰਘ ਸ਼ੰਕਰ, ਲਵਪ੍ਰੀਤ ਸਿੰਘ ਖੋਸਲਾ ਇਟਲੀ ਸਮੇਤ ਸਮੂਹ ਪ੍ਰਬੰਧਕਾਂ ਦੀ ਦੇਖ-ਰੇਖ ਵਿਚ ਭਾਰੀ ਉਤਸ਼ਾਹ ਨਾਲ਼ ਕਰਵਾਇਆ ਗਿਆ। ਛਿੰਝ ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਦਿਖਾਏ। ਇਸ ਮੌਕੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਤਾਲਬ ਬਾਬਾ ਫਲਾਹੀ ਤੇ ਹਮੀਦੀ ਈਰਾਨ ਦਰਿਮਆਨ ਹੋਇਆ। ਦੋਹਾਂ ਪਹਿਲਵਾਨਾਂ ਵਿਚ ਕ਼ਰੀਬ 20 ਮਿੰਟ ਜਿੱਤ ਲਈ ਜਦੋ-ਜਹਿਦ ਕਰਨ ’ਤੇ ਵੀ ਨਤੀਜਾ ਨਾ ਆਉਣ ’ਤੇ ਰੈਫਰੀ ਦੀ ਸੇਵਾ ਨਿਭਾ ਰਹੇ ਪ੍ਰਸਿੱਧ ਪਹਿਲਵਾਨ ਪ੍ਰੀਤਮ ਸਿੰਘ ਸੰਧੂ ਚੱਠਾ ਤੇ ਪਹਿਲਵਾਨ ਲਹਿੰਬਰ ਸ਼ਾਹਕੋਟ ਨੇ ਫ਼ੈਸਲਾ ਕਰਕੇ ਦੋਹਾਂ ਪਹਿਲਵਾਨਾਂ ਨੂੰ ਪੁਆਇੰਟ ’ਤੇ ਕੁਸ਼ਤੀ ਕਰਨ ਦੀ ਹਦਾਇਤ ਕੀਤੀ, ਜਿਸ ’ਤੇ ਹਮੀਦੀ ਈਰਾਨ ਨੇ ਪੁਆਇੰਟ ਲੈ ਕੇ ਤਾਲਬ ਬਾਬਾ ਫਲਾਹੀ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ। ਪਟਕੇ ਦੀ 2 ਨੰਬਰ ਦੀ ਕੁਸ਼ਤੀ ਦਾ ਫਸਵਾਂ ਮੁਕਾਬਲਾ ਸ਼ਹਿਬਾਜ਼ ਆਲਮਗੀਰ ਤੇ ਲੱਕੀ ਕੁਹਾਲੀ ਵਿਚਕਾਰ ਹੋਇਆ, ਜਿਸ ਵਿਚ ਲੱਕੀ ਕੁਹਾਲੀ ਨੇ ਜਿੱਤ ਪ੍ਰਾਪਤ ਕੀਤੀ। ਪਟਕੇ ਦੀ 1 ਨੰਬਰ ਤੇ 2 ਨੰਬਰ ਕੁਸ਼ਤੀ ਦੇ ਜੇਤੂਆਂ ਨੂੰ ਮੋਟਰਸਾਈਕਲਾਂ ਨਾਲ਼ ਸਨਮਾਨਿਤ ਕੀਤਾ ਗਿਆ। ਛਿੰਝ ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨ ਜਸਵਿੰਦਰ ਸਿੰਘ ਬਿੱਲੂ ਸੰਧੂ ਚੱਠਾ ਨੂੰ ਬੁਲੇਟ ਮੋਟਰਸਾਈਕਲ ਨਾਲ਼ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਛਿੰਝ ਮੇਲੇ ਤੋਂ ਉਪਰੰਤ ਸ਼ਾਮ ਕਰੀਬ 5 ਵਜੇ ਵਿਸ਼ਵ ਪ੍ਰਸਿੱਧ ਕਲਾਕਾਰ ਕੇਐੱਸ ਮੱਖਣ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ, ਜਿਸ ਦੌਰਾਨ ਗਾਇਕ ਮੱਖਣ ਨੇ ਖ਼ੂਬ ਰੰਗ ਬੰਨ੍ਹਿਆ ਤੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ਼ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਪ੍ਰਧਾਨ ਰਾਕੇਸ਼ ਕੁਮਾਰ ਕਿਸ਼ੀ ਨੇ ਛਿੰਝ ਮੇਲੇ ਲਈ ਸਹਿਯੋਗ ਦੇਣ ਲਈ ਸਮੂਹ ਐੱਨਆਰਆਈ, ਨਗਰ ਪੰਚਾਇਤ, ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਪ੍ਰਸਿੱਧ ਕੁਮੈਂਟੇਟਰ ਮੰਗਾ ਅਲੀ ਤੇ ਦਵਿੰਦਰ ਕਿੱਲੀ ਨੇ ਪਹਿਲਵਾਨਾਂ ਦਾ ਪਿਛੋਕੜ ਦੱਸਿਆ ਤੇ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਨਾਲ਼ ਖੇਡ ਪ੍ਰੇਮੀਆਂ ਦਾ ਮੰਨੋਰੰਜਨ ਕੀਤਾ। ਇਸ ਮੌਕੇ ਸੰਧੂ ਚੱਠਾ ਦੇ ਸਰਪੰਚ ਸੁਰਜੀਤ ਕੌਰ ਦੇ ਪਤੀ ਡਾ. ਸਤਪਾਲ ਸਾਬਕਾ ਪੰਚ, ਲਹਿੰਬਰ ਸਿੰਘ ਖੋਸਲਾ, ਜਨਕ ਰਾਜ ਖੋਸਲਾ, ਦੀਪਕ ਸਿੰਘ ਸ਼ੰਕਰ, ਲਹਿੰਬਰ ਸਿੰਘ ਢਿੱਲੋਂ ਸਾਬਕਾ ਪੰਚ, ਬੂਟਾ ਸਿੰਘ ਫੋਰਮੇਨ, ਪਿਆਰਾ ਸਿੰਘ ਸੋਹਲ, ਅਮਰੀਕ ਸਿੰਘ, ਮੱਖਣ ਸਿੰਘ, ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਉਪ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਅੱਛਰ ਸਿੰਘ ਕੈਨੇਡਾ, ਕੁਲਵੰਤ ਸਿੰਘ ਸੋਹਲ ਯੂਕੇ, ਕੁਲਦੀਪ ਸਿੰਘ ਸੋਹਲ, ਕਰਨੈਲ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸੋਹਲ, ਪਿਆਰਾ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਸੋਹਲ ਯੂਕੇ, ਅਵਤਾਰ ਸਿੰਘ ਡੀਸੀ ਕੈਨੇਡਾ, ਇੰਸਪੈਕਟਰ ਰਾਮ ਸਿੰਘ, ਨਰਿੰਦਰ ਸਿੰਘ, ਸਾਧੂ ਸਿੰਘ ਫੋਰਮੈਨ, ਪਵਿੱਤਰ ਸਿੰਘ ਜਰਮਨ, ਏਐੱਸਆਈ ਅਮਰਜੀਤ ਸਿੰਘ, ਹੈਪੀ ਇਟਲੀ, ਪ੍ਰਕਾਸ਼ ਰਾਮ, ਏਐੱਸਆਈ ਧਰਮ ਸਿੰਘ, ਦੇਬਾ ਢਿੱਲੋਂ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ।