ਅਣਪਛਾਤੇ ਵਾਹਨ ਦੀ ਟੱਕਰ ਨਾਲ ਸਾਂਬਰ ਦੀ ਮੌਤ
ਅਣਪਛਾਤੇ ਵਾਹਨ ਦੀ ਟੱਕਰ ਨਾਲ ਸਾਂਬਰ ਦੀ ਮੌਤ
Publish Date: Mon, 19 Jan 2026 06:38 PM (IST)
Updated Date: Mon, 19 Jan 2026 06:39 PM (IST)
--ਜੰਗਲਾਤ ਵਿਭਾਗ ਵੱਲੋਂ ਵਣ ਜੀਵ ਨਿਯਮਾਂ ਦੇ ਤਹਿਤ ਕੀਤੀ ਜਾ ਰਹੀ ਜ਼ਰੂਰੀ ਕਾਰਵਾਈ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਵਿਚ ਕਾਂਜਲੀ ਰੋਡ ’ਤੇ ਜੰਗਲ ਦੇ ਨਜ਼ਦੀਕ ਅੱਜ ਸਵੇਰੇ ਇਕ ਸਾਂਬਰ ਦੀ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਦੇ ਬਾਅਦ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜੰਗਲ ਦੇ ਨਜ਼ਦੀਕ ਦੇਰ ਰਾਤ ਹੋਇਆ। ਸਵੇਰੇ ਸੜਕ ’ਤੇ ਲਹੂਲੁਹਾਨ ਹਾਲਤ ਵਿਚ ਸਾਂਬਰ ਮ੍ਰਿਤ ਪਾਇਆ ਗਿਆ, ਜਿਸਨੂੰ ਸਥਾਨਕ ਲੋਕਾਂ ਨੇ ਸੜਕ ਤੋਂ ਕਿਨਾਰੇ ਕਰਵਾ ਕੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਸਾਂਬਰ ਦੇ ਮ੍ਰਿਤ ਸਰੀਰ ਨੂੰ ਚੁੱਕ ਕੇ ਜੰਗਲ ਵਾਲੇ ਪਾਸੇ ਲੈ ਗਏ। ਇਸਦੀ ਪੁਸ਼ਟੀ ਜੀਵ ਵਿਭਾਗ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਵੀ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜੀਵ ਵਿਭਾਗ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਇਕ ਸਾਂਬਰ ਜੰਗਲ ਤੋਂ ਨਿਕਲ ਆ ਕੇ ਸੜਕ ਕਿਨਾਰੇ ਆ ਗਿਆ ਹੋਵੇਗਾ, ਜਿਸਦੀ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲ ਦੇ ਨਜ਼ਦੀਕ ਸੇਫਟੀ ਪੁਆਇੰਟ ਵੀ ਲਗਾਏ ਗਏ ਹਨ ਤੇ ਵਾਹਨਾਂ ਦੀ ਗਤੀ ਸੀਮਾ ਦੇ ਨਿਰਦੇਸ਼ ਸਾਈਨ ਬੋਰਡ ਵੀ ਲੱਗੇ ਹਨ। ਉੱਥੇ ਹੀ ਦੂਸਰੇ ਪਾਸੇ ਇਸ ਘਟਨਾ ਨੂੰ ਲੈ ਕੇ ਜੰਗਲਾਤ ਵਿਭਾਗ ਵੱਲੋਂ ਵਣ ਜੀਵ ਨਿਯਮਾਂ ਦੇ ਤਹਿਤ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।