ਛੋਟੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਨਮਨ, ਸੰਤ ਗੁਰਚਰਨ ਸਿੰਘ ਮਹਾਰਾਜ ਨੇ ਕੀਤੀ ਅਰਦਾਸ
ਛੋਟੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਨਮਨ, ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਅਰਦਾਸ
Publish Date: Sun, 17 May 2026 06:34 PM (IST)
Updated Date: Sun, 17 May 2026 06:36 PM (IST)

ਫਗਵਾੜਾ : ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਮਹਾਰਾਜ ਵੱਲੋਂ ਛੋਟੇ ਘੱਲੂਘਾਰਾ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਅਰਦਾਸ ਕਰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਸੰਤ ਗੁਰਚਰਨ ਸਿੰਘ ਮਹਾਰਾਜ ਨੇ ਕਿਹਾ ਕਿ ਛੋਟਾ ਘੱਲੂਘਾਰਾ ਸਿੱਖ ਇਤਿਹਾਸ ਦਾ ਦੁਖਦਾਈ ਪਰ ਗੌਰਵਮਈ ਅਧਿਆਇ ਹੈ, ਜਿਸ ਵਿੱਚ ਅਨੇਕਾਂ ਸਿੰਘਾਂ ਨੇ ਧਰਮ ਅਤੇ ਕੌਮ ਦੀ ਰੱਖਿਆ ਲਈ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਹਾਦਤਾਂ ਸਾਨੂੰ ਧਰਮ, ਸੱਚਾਈ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਵੱਲੋਂ ਵੀ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਅਤੇ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਸਮਾਗਮ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ। ਸ਼੍ਰੀਮਾਨ ਸੰਤ ਗੁਰਚਰਨ ਸਿੰਘ ਮਹਾਰਾਜ ਨੇ ਉਸ ਸਮੇ ਦਾ ਵਿਰਤਾਂਤ ਸੰਗਤਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਮੁਗਲ ਹਕੂਮਤ ਵੱਲੋਂ ਸਿੱਖਾਂ ਖ਼ਿਲਾਫ਼ ਚਲਾਈ ਗਈ ਵੱਡੀ ਮੁਹਿੰਮ ਦੌਰਾਨ ਕਾਹਨੂਵਾਨ ਦੇ ਜੰਗਲਾਂ ਵਿੱਚ ਭਿਆਨਕ ਕਤਲੇਆਮ ਹੋਇਆ। ਇਸ ਘਟਨਾ ਨੂੰ ਹੁਣ ‘ਛੋਟਾ ਘੱਲੂਘਾਰਾ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਸੀ। ਉਸ ਦੇ ਹੁਕਮਾਂ ’ਤੇ ਮੁਗਲ ਫੌਜ ਨੇ ਕਾਹਨੂਵਾਨ ਦੇ ਜੰਗਲਾਂ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ, ਜਿੱਥੇ ਕਈ ਸਿੱਖ ਪਰਿਵਾਰ ਅਤੇ ਯੋਧੇ ਠਹਿਰੇ ਹੋਏ ਸਨ। ਕਈ ਦਿਨ ਤੱਕ ਲਗਾਤਾਰ ਹਮਲੇ ਜਾਰੀ ਰਹੇ। ਸਿੱਖਾਂ ਨੇ ਘੱਟ ਸਾਧਨਾਂ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ, ਪਰ ਗਿਣਤੀ ਵਿੱਚ ਵੱਡੀ ਫੌਜ ਦੇ ਸਾਹਮਣੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਸੰਤ ਗੁਰਚਰਨ ਸਿੰਘ ਮਹਾਰਾਜ ਨੇ ਆਖਿਆ ਕਿ ਇਨ੍ਹਾਂ ਕੁਰਬਾਨੀਆਂ ਸਦਕਾ ਹੀ ਸਿਖ ਕੌਮ ਆਪਣੇ ਸਿਦਕ, ਸਿਰੜ ਤੇ ਹੌਸਲੇ ਤੇ ਅਡਿਗ ਰਹਿੰਦੀ ਹੈ। ਅਨੇਕਾਂ ਸ਼ਾਸਕਾ ਨੇ ਪੰਜਾਬ ਦੇ ਹਮਲਾ ਕੀਤਾ ਪਰ ਪੰਜਾਬ ਦੇ ਲੋਕਾਂ ਦਾ ਹੌਸਲਾ ਕਦੇ ਨਹੀਂ ਡੋਲਿਆ ਸਗੋਂ ਹਮੇਸ਼ਾ ਸਿੱਖਾਂ ਨੇ ਮੂੰਹ ਤੋੜ ਜਵਾਬ ਦੇ ਕੇ ਵੈਰੀਆਂ ਦੇ ਦੰਦ ਖੱਟੇ ਕੀਤੇ ਹਨ। ਸੰਤ ਗੁਰਚਰਨ ਸਿੰਘ ਮਹਾਰਾਜ ਨੇ ਛੋਟੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਨਮਨ ਕਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।