- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਮਾਡਲ ਅਨੁਸਾਰ 20 ਪ੍ਰਤੀਸ਼ਤ ਤੱਕ ਤਨਖਾਹ ਵਾਧਾ ਕੀਤਾ ਜਾਵੇ: ਕਰਮਚਾਰੀਆਂ ਦੀ ਮੰਗ

ਪਟਿਆਲਾ ’ਚ ਸਿਹਤ ਮੰਤਰੀ ਦੀ ਰਿਹਾਇਸ਼ ’ਤੇ ਕੀਤਾ ਪ੍ਰਦਰਸ਼ਨ
ਦਿੱਲੀ ਮਾਡਲ ਵਾਂਗ 20 ਪ੍ਰਤੀਸ਼ਤ ਤੱਕ ਤਨਖਾਹ ਵਾਧਾ ਕੀਤਾ ਜਾਵੇ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਸਿਹਤ ਵਿਭਾਗ ਪੰਜਾਬ ਦੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਖ਼ਿਲਾਫ਼ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼, ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਧਰਨਾ ਪ੍ਰਧਾਨ ਜਸਮੇਲ ਸਿੰਘ ਦਿਓਲ ਦੀ ਅਗਵਾਈ ਹੇਠ ਕੀਤਾ ਗਿਆ। ਇਹ ਪ੍ਰਦਰਸ਼ਨ ਗੁਰੂਦੁਆਰਾ ਸਾਹਿਬ ਤ੍ਰਿਪੜੀ ਤੋਂ ਹੁੰਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਚੌਕ ’ਚ ਚੱਕਾ ਜਾਮ ਕਰਨ ਤੋਂ ਬਾਅਦ ਐਸੋਸੀਏਸ਼ਨ ਨੇ ਬੇਰੀਗੇਟ ਤੋੜ੍ਹਦੇ ਹੋਏ ਸਿਹਤ ਮੰਤਰੀ ਦੇ ਘਰ ਦਾ ਘੇਰਾਓ ਤੱਕ ਕੀਤਾ ਗਿਆ। 18 ਫਰਵਰੀ ਨੂੰ ਪੈਨਲ ਮੀਟਿੰਗ ਦਾ ਭਰੋਸਾ ਮਿਲਣ ਉਪਰੰਤ ਐਸੋਸੀਏਸ਼ਨ ਨੇ ਧਰਨਾ ਚੁੱਕਿਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਰਚ ਦੇ ਪਹਿਲੇ ਹਫਤੇ ਧਰਨਾ ਲਗਾਇਆ ਜਾਵੇਗਾ। ਪ੍ਰਧਾਨ ਦਿਓਲ ਨੇ ਦੱਸਿਆ ਕਿ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਇਕ ਮਹੀਨੇ ਦੇ ਅੰਦਰ ਸਮੂਹ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ ਤੇ ਦਿੱਲੀ ਸਰਕਾਰ ਦੀ ਤਰਜ਼ ‘ਤੇ ਤਨਖਾਹਾਂ ਵਿਚ 20 ਪ੍ਰਤੀਸ਼ਤ ਤੱਕ ਵਾਧਾ ਕੀਤਾ ਜਾਵੇਗਾ, ਪਰ ਅਜੇ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨਾਲ ਲਗਭਗ 50 ਤੋਂ ਵੱਧ ਮੀਟਿੰਗਾਂ ਹੋਣ ਦੇ ਬਾਵਜੂਦ ਕਰਮਚਾਰੀਆਂ ਦੇ ਹੱਕ ਵਿਚ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਹਰ ਵਾਰ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ, ਪਰ ਜ਼ਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਹੋਣ ਦੇ ਬਾਵਜੂਦ ਕਰਮਚਾਰੀਆਂ ਨੂੰ ਸਿਰਫ਼ ਭਰੋਸਿਆਂ ਤੱਕ ਹੀ ਸੀਮਿਤ ਰੱਖ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਧਰਨਾ ਛੁੱਟੀ ਵਾਲੇ ਦਿਨ ਲਗਾਇਆ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਏ। ਸ਼ਿਵਰਾਤਰੀ ਮੌਕੇ ਸਭ ਮੁਲਾਜ਼ਮਾਂ ਨੇ ਸਰਕਾਰ ਨੂੰ ਮੁਲਾਜ਼ਮ ਪੱਖੀ ਫੈਸਲੇ ਲੈਣ ਤੇ ਸਰਬਤ ਦੇ ਭਲੇ ਲਈ ਚੰਗੀ ਸੋਚ ਦੇਣ ਲਈ ਪ੍ਰਾਥਨਾ ਕੀਤੀ ਗਈ। ਇਸ ਮੌਕੇ ਕਪੂਰਥਲਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਬਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ 2027 ਦੀਆਂ ਚੋਣਾਂ ਦੌਰਾਨ ਘਰ-ਘਰ ਜਾ ਕੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਭਰ ਤੋਂ ਪਹੁੰਚੇ ਜ਼ਿਲ੍ਹਾ ਪ੍ਰਧਾਨਾਂ ਤੇ ਮੈਂਬਰਾਂ ਨੇ ਵੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਸਮੂਹ ਫ਼ੀਲਡ ਸਟਾਫ਼ ਮੌਜੂਦ ਰਿਹਾ।