ਸਾਹਿਤ ਸਭਾ ਵੱਲੋਂ ਰੂ-ਬ-ਰੂ ਸਮਾਗਮ ਆਯੋਜਿਤ
ਸਾਹਿਤ ਸਭਾ ਵਲੋਂ ਸ਼ਾਇਰ "ਕਵਿੰਦਰ ਚਾਂਦ" ਨਾਲ ਰੂ-ਬ-ਰੂ ਸਮਾਗਮ ਆਯੋਜਿਤ
Publish Date: Fri, 06 Feb 2026 10:03 PM (IST)
Updated Date: Fri, 06 Feb 2026 10:05 PM (IST)

ਮੁਆਫੀ ਨਾਮਾ, ਚੱਲ ਪੰਜਾਬ ਨੂੰ ਚੱਲੀਏ ਤੇ ਕੁੜੀਆਂ ਚਿੜੀਆਂ ਕਵਿਤਾਵਾਂ ਨੇ ਸਰੋਤਿਆਂ ਦੇ ਮਨ ਟੁੰਬੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾ. ਸਵਰਨ ਸਿੰਘ, ਸਕੱਤਰ ਮੁਖਤਾਰ ਸਿੰਘ ਚੰਦੀ ਤੇ ਪ੍ਰਮੁੱਖ ਸਲਾਹਕਾਰ ਐਡ. ਰਜਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਕੈਨੇਡਾ ਵਾਸੀ ਸ਼ਾਇਰ ਕਵਿੰਦਰ ਚਾਂਦ ਨਾਲ ਕਰਵਾਇਆ ਰੂ-ਬ-ਰੂ ਸਮਾਗਮ ਡੂੰਘੀਆਂ ਪੈੜਾਂ ਛੱਡਦਾ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਦੌਰਾਨ ਜਿਥੇ ਸ਼ਾਇਰੀ ਦਾ ਪ੍ਰਵਾਹ ਚੱਲਿਆ, ਉਥੇ ਵੱਖ-ਵੱਖ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਕਵਿੰਦਰ ਚਾਂਦ ਦੀ ਗਜ਼ਲ, ਗੀਤ ਤੇ ਕਾਵਿ-ਸਿਰਜਨਾ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਡਾ. ਸਵਰਨ ਸਿੰਘ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਸਾਬਕਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਤੇ ਪ੍ਰੈੱਸ ਕਲੱਬ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਵੱਲੋਂ ਕਵਿੰਦਰ ਚਾਂਦ ਦਾ ਸਵਾਗਤ ਕਰਦਿਆਂ ਸਾਹਿਤ ਸਭਾ ਵੱਲੋਂ ਉਨ੍ਹਾਂ ਨੂੰ ਟਰਾਫੀ ਤੇ ਦੁਸ਼ਾਲਾ ਭੇਟ ਕੀਤਾ। ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਨੇ ਕਵਿੰਦਰ ਚਾਂਦ ਨੂੰ ਅਸ਼ੀਰਵਾਦ ਦਿੰਦਿਆਂ ਚਾਂਦ ਨੂੰ ਮਾਂ ਬੋਲੀ ਦਾ ਲਾਡਲਾ ਪੈਰੋਕਾਰ ਦੱਸਦਿਆਂ ਉਨ੍ਹਾਂ ਵੱਲੋਂ ਰਚੀਆਂ ਜਾ ਰਹੀਆਂ ਕਵਿਤਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਧਾਨ ਡਾ. ਸਵਰਨ ਸਿੰਘ ਨੇ ਜਿਥੇ ਰਸਮੀ ਤੌਰ ’ਤੇ ਸਾਹਿਤ ਸਭਾ ਵੱਲੋਂ ਕਵਿੰਦਰ ਚਾਂਦ ਨੂੰ ਜੀ ਆਇਆ ਕਿਹਾ ਉਥੇ ਸਾਹਿਤ ਸਭਾ ਦੀਆਂ ਜੜਾਂ, ਹੋਂਦ ਤੇ ਪ੍ਰਾਪਤੀਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਸਾਹਿਤ ਸਭਾ ਸਕੱਤਰ ਮੁਖਤਾਰ ਚੰਦੀ ਨੇ ਜਿਥੇ ਲਾਜਵਾਬ ਤਰੀਕੇ ਤੇ ਸ਼ਾਇਰਾਨਾ ਅੰਦਾਜ਼ ਨਾਲ ਮੰਚ ਸੰਚਾਲਨ ਕੀਤਾ, ਉਥੇ ਸ਼ਾਇਰ ਕਵਿੰਦਰ ਚਾਂਦ ਦੀਆਂ ਵੱਖ-ਵੱਖ ਬਹੁਮੁੱਲੀਆਂ ਤੇ ਬੇਸ਼ਕੀਮਤੀ ਰਚਨਾਵਾਂ ਦੀ ਸਰੋਤਿਆਂ ਨਾਲ ਭਰਵੀ ਸਾਂਝ ਪਾਈ। ਉਨ੍ਹਾਂ ਕਵਿੰਦਰ ਚਾਂਦ ਦੀਆਂ ਰਚਨਾਵਾਂ ‘ਬੰਸਰੀ ਕਿੱਧਰ ਗਈ’, ‘ਨਾਨਕ ਨਾਨਕ’, ‘ਤੇਗ ਤੇ ਤਿਆਗ’, ‘ਸਮਾਂ ਬੋਲਣ ਦਾ’, ‘ਦਿੱਲੀ’ ਤੇ ‘ਅੱਠ ਸਮੁੰਦਰ’ ਵਿਚੋਂ ਬੇਮਿਸਾਲ ਸ਼ੇਅਰ ਸਰੋਤਿਆਂ ਦੀ ਨਜ਼ਰ ਕੀਤੇ। ਸਕੱਤਰ ਮੁਖਤਾਰ ਚੰਦੀ ਨੇ ਕਵਿੰਦਰ ਚਾਂਦ ਦੇ ਸਾਹਿਤਿਕ ਸਫਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਕਵਿੰਦਰ ਚਾਂਦ ਨੇ ਹਰ ਸੰਭਵ ਵਿਸ਼ਾ ਲੈ ਕੇ ਇਕ ਜਾਨਦਾਰ ਕਵਿਤਾ ਦੀ ਸਿਰਜਣਾ ਕਰਕੇ ਪਾਠਕਾਂ ਨੂੰ ਅੰਦਰੋਂ ਤੇ ਬਾਹਰੋਂ ਪੂਰੀ ਤਰ੍ਹਾਂ ਝਿੰਜੋੜਿਆ ਹੈ। ਸਭਾ ਦੇ ਪ੍ਰਮੁੱਖ ਸਲਾਹਕਾਰ ਐਡ. ਰਜਿੰਦਰ ਸਿੰਘ ਰਾਣਾ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕਵਿੰਦਰ ਚਾਂਦ ਵੱਲੋਂ ਵਿਰਸੇ ਵਿਚ ਮਿਲੀ ਕਾਵਿਕ ਭਾਸ਼ਾ, ਸ਼ੈਲੀ ਸੱਚਮੁੱਚ ਹੀ ਅਜੋਕੇ ਸਮੇਂ ਅਨੁਸਾਰ ਉਨ੍ਹਾਂ ਦੀ ਸਫਲ ਕਵਿਤਾ ਦੀ ਰਹਿਨੁਮਾਈ ਕਰਦੀ ਹੈ। ਉਨ੍ਹਾਂ ਕੁਵਿੰਦਰ ਚਾਂਦ ਨੂੰ ਸੰਨ 1968 ਵਿਚ ਉਨ੍ਹਾਂ ਦੇ ਪਿਤਾ ਜੀ ਚਰਨ ਸਿੰਘ ਚਰਨ ਵੱਲੋਂ ਰਚੀਆਂ ਦੋ ਪੁਸਤਕਾਂ ਵੀ ਭੇਟ ਕੀਤੀਆਂ। ਇਸ ਸਮੇਂ ਸਾਬਕਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਕਵਿੰਦਰ ਚਾਂਦ ਨੂੰ ਇਕ ਚੇਤਨ ਤੇ ਅਤਿ-ਆਧੁਨਿਕ ਸ਼ਾਇਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪਾਠਕਾਂ ਨੂੰ ਨਵਾਂ ਉਤਸ਼ਾਹ ਦਿੰਦੀਆਂ ਹਨ ਤੇ ਹਰ ਸਮੇਂ ਮਨੁੱਖੀ ਸਹਾਰਾ ਬਣਦੀਆਂ ਨਜ਼ਰ ਆਉਂਦੀਆਂ ਹਨ। ਇਸ ਸਮੇਂ ਪ੍ਰਤਾਪ ਸਿੰਘ ਮੋਮੀ ਅਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਕਵਿੰਦਰ ਚਾਂਦ ਦੀਆਂ ਕਵਿਤਾਵਾਂ ਵਿਚ ਸੰਵੇਦਨਾ, ਵਿਅੰਗ, ਤਿੱਖਾਪਨ ਤੇ ਹੇਰਵਾ ਵੀ ਬਾਖੂਬੀ ਨਜ਼ਰ ਆਉਂਦਾ ਹੈ। ਸਮਾਗਮ ਵਿਚ ਕਵਿੰਦਰ ਚਾਂਦ ਨੇ ਸਰੋਤਿਆਂ ਨਾਲ ਆਪਣੀ ਅਹਿਮ ਕਵਿਤਾ ‘ਮੁਆਫੀਨਾਮਾ’ ਅਤੇ ‘ਚੱਲ ਪੰਜਾਬ ਨੂੰ ਚੱਲੀਏ’ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸ਼ਾਇਰ ਚਾਂਦ ਨੇ ਆਪਣੇ ਸਾਹਿਤਿਕ ਸਫਰ ਬਾਰੇ ਦੱਸਿਆ ਕਿ ਉਹਨਾਂ ਦੇ ਪਿਤਾ ਚਰਨ ਸਿੰਘ ਚਰਨ ਦੇ ਕਵੀ ਹੋਣ ਕਾਰਨ ਵਿਰਾਸਤ ਵਿਚ ਮਿਲੀ ਸਾਹਿਤ ਸਿਰਜਨਾ ਕਾਰਨ ਹੀ ਉਹ ਅੱਜ ਮਾਂ ਬੋਲੀ ਪੰਜਾਬੀ ਦੇ ਚਿੰਤਕ ਸ਼ਾਇਰਾਂ ਵਿਚ ਨਾਮ ਬਣਾਉਣ ’ਚ ਸਫਲ ਹੋਇਆ ਹੈ। ਸਮਾਗਮ ਵਿਚ ਸਾਹਿਤ ਸਭਾ ਦੇ ਵੱਖ-ਵੱਖ ਸ਼ਾਇਰਾਂ ਬਲਬੀਰ ਸ਼ੇਰਪੁਰੀ, ਜੱਗਾ ਸਿੰਘ, ਕਵਿਤਰੀ ਕੁਲਵਿੰਦਰ ਕੰਵਲ, ਕਵਿਤਰੀ ਬੀਬਾ ਗੁਰਲਾਲ ਸੰਧੂ ਅਤੇ ਮਾਸਟਰ ਦੇਸ ਰਾਜ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ। ਸਮਾਗਮ ਵਿਚ ਸਾਹਿਤ ਸਭਾ ਦੇ ਪੈਰੋਕਾਰਾਂ ਡਾ. ਸਵਰਨ ਸਿੰਘ, ਸਕੱਤਰ ਮੁਖਤਾਰ ਸਿੰਘ ਚੰਦੀ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਐਡ. ਰਜਿੰਦਰ ਸਿੰਘ ਰਾਣਾ, ਬਿਕਰਮਜੀਤ ਸਿੰਘ ਥਿੰਦ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪ੍ਰੈੱਸ ਕਲੱਬ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਢੀ, ਐੱਸਡੀਓ ਪ੍ਰਤਾਪ ਸਿੰਘ ਮੋਮੀ, ਡਾ. ਪਰਮਜੀਤ ਸਿੰਘ ਮਾਨਸਾ, ਸਿਮਰਨਜੀਤ ਸਿੰਘ ਚਾਂਦ, ਮਾ. ਅਜੀਤ ਸਿੰਘ, ਮਾ. ਸੁੱਚਾ ਸਿੰਘ,ਲਾਇਨ ਕਸ਼ਮੀਰ ਸਿੰਘ, ਨਰਿੰਦਰ ਸਿੰਘ ਢਿੱਲੋਂ ਬਿਜਲੀ ਵਿਭਾਗ, ਹਰਜਿੰਦਰ ਸਿੰਘ ਧੰਜੂ, ਜਗਮੋਹਨ ਸਿੰਘ, ਬੁੱਕਣ ਸਿੰਘ, ਗਾਇਕ ਬਲਬੀਰ ਸ਼ੇਰਪੁਰੀ, ਸ਼ਾਇਰ ਮਾਸਟਰ ਦੇਸਰਾਜ, ਕਵਿਤਰੀ ਕੁਲਵਿੰਦਰ ਕੰਵਲ, ਅਮਰੀਕ ਸਿੰਘ ਅਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।