ਸੰਤ ਸੀਚੇਵਾਲ ਦੇ ਯਤਨਾਂ ਨਾਲ ਦੁਬਈ ਤੋਂ ਭਾਰਤੀ ਨੌਜਵਾਨ ਦੀ ਸੁਰੱਖਿਅਤ ਵਾਪਸੀ
ਦੁਬਈ ਤੋਂ ਭਾਰਤੀ ਨੌਜਵਾਨ ਦੀ ਸੁਰੱਖਿਅਤ ਵਾਪਸੀ
Publish Date: Sat, 21 Mar 2026 06:44 PM (IST)
Updated Date: Sun, 22 Mar 2026 04:11 AM (IST)

- ਬੇਗੁਨਾਹ ਹੋਣ ਦੇ ਬਾਵਜੂਦ ਕੱਟੀ ਜੇਲ੍ਹ, ਕੰਮ ਕਰਨ ਦੇ ਬਾਵਜੂਦ ਨਹੀ ਦਿੱਤੀ ਗਈ ਤਨਖਾਹ - 6 ਦਸੰਬਰ ਤੋਂ ਪਰਿਵਾਰ ਨਾਲੋਂ ਟੁੱਟ ਚੁੱਕਾ ਸੀ ਸੰਪਰਕ ਕੈਪਸ਼ਨ: 21ਕੇਪੀਟੀ10 ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦੇ ਹੋਏ ਦੁਬਈ ਤੋਂ ਸੁਰੱਖਿਅਤ ਵਾਪਸ ਪਰਤੇ ਭਾਰਤੀ ਨੌਜਵਾਨ ਸੁਖਵਿੰਦਰ ਸਿੰਘ । ਕੁਲਬੀਰ ਸਿੰਘ ਮਿੰਟੂ/ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ/ਸ਼ਾਹਕੋਟ : ਮੌਜੂਦਾ ਜੰਗੀ ਹਾਲਾਤ ਕਾਰਨ ਮੱਧ-ਪੂਰਬ ਦੇਸ਼ਾਂ ’ਚ ਜੰਗ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ’ਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ’ਚ ਦਿੱਲੀ ਲਈ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋ ਸਕੀ। ਖਾੜੀ ਦੇਸ਼ਾਂ ’ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਜਾਰੀ ਯਤਨਾਂ ਦੌਰਾਨ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਮਹਿਮੂਵਾਲ ਵਾਸੀ ਸੁਖਵਿੰਦਰ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਮੀਡੀਆ ਨਾਲ ਆਪਣੇ ਦਰਦ ਸਾਂਝੇ ਕੀਤੇ। ਉਸ ਨੇ ਦੱਸਿਆ ਕਿ 2020 ’ਚ ਰੁਜ਼ਗਾਰ ਦੀ ਤਲਾਸ਼ ’ਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਕੰਪਨੀ ਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ’ਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਉਸ ਨੂੰ ਸਿਰਫ ਪੰਜ ਮਹੀਨਿਆਂ ਦੀ ਤਨਖਾਹ ਹੀ ਦਿੱਤੀ ਗਈ ਤੇ ਝੂਠੇ ਦੋਸ਼ ਲਾ ਕੇ ਉਸ ਨੂੰ ਕਾਨੂੰਨੀ ਮੁਸ਼ਕਲਾਂ ’ਚ ਫਸਾ ਦਿੱਤਾ, ਜਿਸ ਕਾਰਨ ਉਸ ਨੂੰ ਬਿਨਾਂ ਕਸੂਰ ਜੇਲ੍ਹ ਹੋ ਗਈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹਾਂ ’ਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰ ਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। 6 ਦਸੰਬਰ ਤੋਂ ਉਸ ਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸ ਦੇ ਘਰ ’ਚ ਬਹੁਤ ਹੀ ਦੁਖਦਾਈ ਹਾਲਾਤ ਬਣ ਗਏ ਸਨ, ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਦੀ ਜ਼ਿੰਮੇਵਾਰੀ ਉਸ ਦੀ ਪਤਨੀ ਲਈ ਬਹੁਤ ਵੱਡੀ ਚੁਣੌਤੀ ਬਣ ਗਈ ਸੀ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਜੇਲ੍ਹ ’ਚ ਫਸਿਆ ਰਹਿੰਦਾ। ਉਸ ਦੀ ਪਤਨੀ ਵੱਲੋਂ ਸੰਤ ਸੀਚੇਵਾਲ ਨਾਲ ਸੰਪਰਕ ਕਰਨ ਉਪਰੰਤ ਇਹ ਸੰਭਵ ਹੋਇਆ। ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਬਕਾਇਆ ਤਨਖਾਹ ਵੀ ਦਿਵਾਈ ਜਾਵੇ, ਕਿਉਂਕਿ ਕੇਸ ਉਸਦੇ ਹੱਕ ’ਚ ਆਉਣ ਦੇ ਬਾਵਜੂਦ ਉਸ ਨੂੰ ਪੂਰਾ ਨਿਆਂ ਨਹੀਂ ਮਿਲਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ’ਚ ਫਸੇ ਹਰ ਭਾਰਤੀ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਜੰਗੀ ਹਾਲਾਤ ਕਾਰਨ ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ’ਚ ਡਰ ਤੇ ਚਿੰਤਾ ਵਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਤਰਜੀਹ ਦੇ ਕੇ ਫਸੇ ਹੋਏ ਲੋਕਾਂ ਨੂੰ ਜਲਦੀ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।” ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ’ਚ ਮਜ਼ਦੂਰੀ ਕਰਨ ਵਾਲੇ ਭਾਰਤੀਆਂ ਨਾਲ ਹੋ ਰਹੀ ਧੋਖਾਧੜੀ ਤੇ ਜ਼ੁਲਮਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।