ਖੁਰਾਣਾ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ
ਸ. ਰਣਜੀਤ ਸਿੰਘ ਖੁਰਾਣਾ ਨੇ ਸ. ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
Publish Date: Sat, 07 Mar 2026 08:32 PM (IST)
Updated Date: Sat, 07 Mar 2026 08:33 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਦਯੋਗ ਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ ਲਈ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੁਲਾਕਾਤ ਦੌਰਾਨ ਖੁਰਾਣਾ ਨੇ ਫਗਵਾੜਾ ਦੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਸੁਖਬੀਰ ਨੂੰ ਜਾਣੂ ਕਰਵਾਇਆ ਤੇ ਢੁਕਵੇਂ ਹਲ ਕਰਵਾਉਣ ਦੀ ਅਪੀਲ ਕੀਤੀ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਰਾਣਾ ਨੇ ਦੱਸਿਆ ਕਿ ਬਾਦਲ ਨੇ ਉਨ੍ਹਾਂ ਵੱਲੋਂ ਦੱਸੀਆਂ ਮੁਸ਼ਕਿਲਾਂ ਨੂੰ ਬੜੇ ਧਿਆਨ ਨਾਲ ਸੁਣਦਿਆਂ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਉਣ ਦਾ ਨਾ ਸਿਰਫ ਭਰੋਸਾ ਦਿੱਤਾ ਹੈ ਬਲਕਿ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਸਰਕਾਰਾਂ ਨੇ ਹਮੇਸ਼ਾ ਉਦਯੋਗ ਤੇ ਵਪਾਰ ਨੂੰ ਪ੍ਰਫੁੱਲਤ ਕਰਨ ਤੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਦੂਰ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਪੰਜਾਬ ਦੀ ਬਦਕਿਸਮਤੀ ਇਹ ਹੈ ਕਿ ਇਸ ਸਮੇਂ ਜੋ ਸਰਕਾਰ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੈ, ਉਹ ਉਦਯੋਗ ਤੇ ਵਪਾਰ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ, ਜਿਸ ਕਰਕੇ ਪੰਜਾਬ ਦੀ ਆਰਥਕਤਾ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਖੁਰਾਣਾ ਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੇਗੀ ਤਾਂ ਸਮਾਲ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਕਾਰਗਰ ਨੀਤੀਆਂ ਹੀ ਲਾਗੂ ਨਹੀਂ ਕੀਤੀਆਂ ਜਾਣਗੀਆਂ ਸਗੋਂ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਸਿੰਗਲ ਵਿੰਡੋ ਸਿਸਟਮ ਦੀ ਸਹੂਲਤ ਵੀ ਪਹਿਲ ਦੇ ਅਧਾਰ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਵੀ ਪੁਰਜ਼ੋਰ ਮੰਗ ਕੀਤੀ ਕਿ ਸਮਾਲ ਇੰਡਸਟਰੀ ਨਾਲ ਜੁੜੇ ਮਸਲਿਆਂ ਨੂੰ ਤੁਰੰਤ ਹਲ ਕੀਤਾ ਜਾਵੇ ਤੇ 8 ਮਾਰਚ ਨੂੰ ਪੇਸ਼ ਕੀਤੇ ਜਾ ਰਹੇ ਪੰਜਾਬ ਦੇ ਸਲਾਨਾ ਬਜਟ ਦੌਰਾਨ ਸਮਾਲ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ।