- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਰੋਡ ਜਾਮ

ਜੇ ਸਿਆਸੀ ਦਬਾਅ ਤੇ ਦਲਿਤ ਵਿਰੋਧੀ ਰਵੱਈਆ ਨਾ ਛੱਡਿਆ ਤਾਂ ਹਾਈਵੇ ਜਾਮ ਕਰਾਂਗੇ : ਘੁੱਗਸ਼ੋਰ, ਚੀਦਾ, ਸ਼ੇਰਪੁਰ ਸੱਦਾ
ਮੰਗਾਂ ਦੇ ਨਿਪਟਾਰੇ ਤੋਂ ਬਿਨ੍ਹਾਂ ਸੰਸਕਾਰ ਨਹੀਂ ਕੀਤਾ ਜਾਵੇਗਾ : ਪੀੜਤ ਪਰਿਵਾਰ
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਗਾ :
ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਹੇਠ ਧਾਰਨ ਕੀਤੇ ਦਲਿਤ ਵਿਰੋਧੀ ਰਵੱਈਏ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਅੰਮ੍ਰਿਤਸਰ-ਜਲੰਧਰ ਮੁੱਖ ਸੜਕ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਹ ਜਾਮ ਸ਼ਾਮ 4:30 ਵਜੇ ਲਗਾਇਆ ਗਿਆ ਤੇ 6:30 ਵਜੇ ਖ਼ਤਮ ਕੀਤਾ ਗਿਆ। ਮੌਕੇ ਉੱਤੇ ਐੱਸਐੱਸਪੀ ਤਰਫੋਂ ਕਪਤਾਨ ਪੁਲਿਸ ਸਥਾਨਕ ਗੁਰਪ੍ਰੀਤ ਸਿੰਘ ਗਿੱਲ ਤੇ ਕਪਤਾਨ ਪੁਲਿਸ (ਜਾਂਚ) ਹਰਿੰਦਰ ਸਿੰਘ ਗਿੱਲ ਨੇ ਯੂਨੀਅਨ ਆਗੂਆਂ ਤੇ ਪੀੜਤ ਪਰਿਵਾਰ ਨਾਲ ਮੀਟਿੰਗ ਕਰਨ ਉਪਰੰਤ ਧਰਨਾਕਾਰੀਆਂ ਵਿਚ ਆ ਕੇ ਤਿੰਨ ਦਿਨ ਤੱਕ ਰਵੀ ਕਤਲ ਕਾਂਡ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਐੱਸਸੀ/ਐੱਸਟੀ ਐਕਟ ਤਹਿਤ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਯੂਨੀਅਨ ਨੇ ਸੜਕ ਤੋਂ ਜਾਮ ਖ਼ਤਮ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਥਾਣਾ ਅੱਗੇ ਦਿਨ-ਰਾਤ ਦਾ ਧਰਨਾ ਜਾਰੀ ਰੱਖਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਾਅਦੇ ਤੋਂ ਮੁਕਰਨ 'ਤੇ ਸ਼ੁਕਰਵਾਰ ਤੋਂ ਬਾਅਦ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੀੜਤ ਪਰਿਵਾਰ ਵੱਲੋਂ ਮੰਗਾਂ ਦੇ ਨਿਪਟਾਰੇ ਤੋਂ ਬਿਨ੍ਹਾਂ ਮ੍ਰਿਤਕ ਰਵੀ ਦਾ ਸੰਸਕਾਰ ਨਾ ਕਰਨ ਦਾ ਧਰਨਾਕਾਰੀਆਂ ਵਿਚ ਫ਼ੈਸਲਾ ਸੁਣਾਇਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਰਾਜ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਹੋਣ, ਕਿਸੇ ਦਾ ਘਰ, ਕੰਧਾਂ ਢਾਹੁਣ ਲਈ ਬੁਲਡੋਜ਼ਰ ਚਲਾਉਣੇ ਹੋਣ ਤਾਂ ਐੱਸਐੱਸਪੀ ਕਪੂਰਥਲਾ ਮੌਕੇ ਉੱਤੇ ਪੁਲਿਸ ਬਲ ਸਮੇਤ ਪੁੱਜ ਜਾਂਦੇ ਹਨ ਤੇ ਪੁਲਿਸ ਫੋਰਸ ਦਾ ਪ੍ਰਬੰਧ ਵੀ ਹੋ ਜਾਂਦਾ ਪਰ ਹਮਲਾਵਰਾਂ ਵੱਲੋਂ ਬੁਰ੍ਹੀ ਤਰ੍ਹਾਂ ਕੀਤੀ ਕੁੱਟਮਾਰ ਉਪਰੰਤ ਮ੍ਰਿਤਕ ਦਲਿਤ ਨੌਜਵਾਨ ਰਵੀ ਦੀ 4 ਮਾਰਚ ਦੀ ਮੌਤ ਹੋਣ ਤੇ ਉਸ ਦਿਨ ਤੋਂ ਇਨਸਾਫ਼ ਲਈ ਪੀੜਤ ਪਰਿਵਾਰ ਰੁਲ ਰਿਹਾ, 13 ਮਾਰਚ ਤੋਂ ਥਾਣੇ ਅੱਗੇ ਦਿਨ-ਰਾਤ ਦਾ ਧਰਨਾ ਲਾ ਕੇ ਬੈਠਾ ਹੈ ਪਰ ਸੁਭਾਨਪੁਰ ਤੋਂ 8 ਕਿਲੋਮੀਟਰ ਦੂਰ ਬੈਠੇ ਐੱਸਐੱਸਪੀ ਕੋਲ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਮਾਂ ਤੱਕ ਨਹੀਂ ਮਿਲਿਆ ਤੇ ਪੁਲਿਸ ਨਫ਼ਰੀ ਦੀ ਘਾਟ ਦੱਸ ਕੇ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਐੱਸਐੱਸਪੀ ਦੀ ਮਨੂੰਵਾਦੀ ਸੋਚ ਦੇ ਚਲਦਿਆਂ ਦਲਿਤ ਮਜ਼ਦੂਰਾਂ ਪ੍ਰਤੀ ਨਫ਼ਰਤ ਸਾਫ਼ ਝਲਕਦੀ ਹੈ। ਅਸਲ ਵਿਚ ਇਸ ਸੋਚ ਕਾਰਨ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਗੰਭੀਰਤਾ ਨਾਲ ਇਸ ਮਸਲੇ ਨੂੰ ਨਹੀਂ ਲੈ ਰਿਹਾ ਤੇ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਜਬੂਰ ਕੀਤਾ ਤਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਤੇ ਮ੍ਰਿਤਕ ਦੇਹ ਵੀ ਸੜਕ ਉੱਤੇ ਲਿਆਂਦੀ ਜਾਵੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਜਵਾਲਾਪੁਰ, ਤਹਿਸੀਲ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ, ਨਾਵਲ ਗਿੱਲ ਟਾਹਲੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਆਦਿ ਨੇ ਸੰਬੋਧਨ ਕੀਤਾ।