ਪੇਂਡੂ ਮਜ਼ਦੂਰ ਯੂਨੀਅਨ ਵਲੋਂ ਦਲਿਤ ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ 17 ਨੂੰ ਰੋਡ ਜਾਮ ਕਰਨ ਦਾ ਐਲਾਨ

ਦਲਿਤ ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਭਾਰੀ ਬਾਰਸ਼ ’ਚ ਵੀ ਥਾਣੇ ਅੱਗੇ ਦਿਨ-ਰਾਤ ਦਾ ਧਰਨਾ ਜਾਰੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੁੰਭਕਰਨੀ ਨੀਂਦ ਸੁੱਤੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਤੇ ਦਲਿਤ ਨੌਜਵਾਨ ਰਵੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿਵਾਉਣ ਲਈ 17 ਮਾਰਚ ਨੂੰ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਪ੍ਰਸ਼ਾਸਨ ਨੇ ਮਜ਼ਬੂਰ ਕੀਤਾ ਤਾਂ ਧਰਨੇ ਵਿਚ ਮ੍ਰਿਤਕ ਦੇਹ ਵੀ ਲਿਆਂਦੀ ਜਾਵੇਗੀ। ਦੂਜੇ ਪਾਸੇ ਯੂਨੀਅਨ ਵੱਲੋਂ ਭਾਰੀ ਬਾਰਸ਼ ਵਿਚ ਵੀ ਥਾਣਾ ਸੁਭਾਨਪੁਰ ਅੱਗੇ ਦਿਨ-ਰਾਤ ਦਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਲੰਘੇ ਕੱਲ੍ਹ ਤਹਿਸੀਲਦਾਰ ਢਿੱਲਵਾਂ ਗੁਰਜਿੰਦਰ ਸਿੰਘ ਵੱਲੋਂ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿਵਾਉਣ ਦੇ ਭਰੋਸੇ ਤਹਿਤ ਪਰਿਵਾਰ ਦੀ ਸਹਿਮਤੀ ਉਪਰੰਤ ਅੱਜ ਸੁਭਾਨਪੁਰ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਬੋਰਡ ਤੋਂ ਮ੍ਰਿਤਕ ਰਵੀ ਦਾ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਪੀੜਤ ਪਰਿਵਾਰ ਨੇ ਰਹਿਦੀਆਂ ਮੰਗਾਂ ਦੇ ਹੱਲ ਹੋਣ ਤੱਕ ਸੰਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ 3 ਮਾਰਚ ਦੀ ਘਟਨਾ ਹੋਈ ਨੂੰ ਅੱਜ 2 ਹਫ਼ਤੇ ਹੋ ਚੱਲੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਦਲਿਤ ਨੌਜਵਾਨ ਰਵੀ ਦੇ ਕਤਲ ਸਬੰਧੀ ਦਰਜ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦਲਿਤ ਵਿਰੋਧੀ ਰਵੱਈਆ ਧਾਰਨ ਕੀਤਾ ਹੋਇਆ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪ੍ਰਸ਼ਾਸਨ ਸਿਆਸੀ ਦਬਾਅ ਹੇਠ ਇਸ ਮਸਲੇ ਉੱਪਰ ਪਹਿਲੇ ਦਿਨ ਤੋਂ ਹੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਾਣਬੁੱਝ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਪ੍ਰਸ਼ਾਸਨ ਦੇ ਇਸ ਰਵੱਈਏ ’ਚੋਂ ਮਨੂੰਵਾਦ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ’ਚ ਬੈਠੇ ਕੁੱਝ ਅਧਿਕਾਰੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸੁਣਨ ਲਈ ਪੰਜਾਬ ਪੁਲਿਸ ਦੇ ਕਿੱਸੇ ਬਹੁਤ ਪ੍ਰਚੱਲਤ ਹਨ ਕਿ ਕਸੂਰਵਾਰਾਂ ਨੂੰ ਪਤਾਲ ’ਚੋਂ ਵੀ ਲੱਭ ਲਿਆਉਂਦੇ ਹਨ, ਪਰ ਮਰਨ ਵਾਲਾ ਨੌਜਵਾਨ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਤੇ ਦੂਜਾ ਬੇਜ਼ਮੀਨਾਂ ਹੋਣ ਕਰਕੇ ਉਸਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਸਗੋਂ ਕਾਤਲਾਂ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਵਿੱਤ ਮੰਤਰੀ, ਹਰਭਜਨ ਸਿੰਘ ਈਟੀਓ ਵਗੈਰਾ ਦਲਿਤ-ਦਲਿਤ ਦਾ ਢਿੰਡੋਰਾ ਪਿੱਟਦੇ ਸਾਹ ਨਹੀਂ ਲੈਂਦੇ ਪਰ ਇਸ ਮਸਲੇ ਉੱਤੇ ਆਮ ਆਦਮੀ ਪਾਰਟੀ ਦੇ ਦਲਿਤ ਮੰਤਰੀਆਂ, ਵਿਧਾਇਕਾਂ ਦੀ ਜ਼ੁਬਾਨ ਨੂੰ ਤਾਲੇ ਲੱਗੇ ਹੋਏ ਹਨ। ਉਨ੍ਹਾਂ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ 17 ਮਾਰਚ ਕੀਤੇ ਜਾਣ ਵਾਲੇ ਰੋਡ ਜਾਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।