- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਲਤਾਨਪੁਰ ਲੋਧੀ ਨਗਰ ਕੌਂਸਲ ਵਿੱਚ ਘਮਾਸਾਨ, ਸਰਵਿਸ ਬੁੱਕ ਵਿਵਾਦ ਨੇ ਫੜਿਆ ਤੂਲ

ਸਰਵਿਸ ਬੁੱਕ ਵਿਵਾਦ ਭਖਿਆ
ਐੱਸਡੀਓ ਤੇ ਲੇਖਾ ਕਲਰਕ ਆਹਮੋ-ਸਾਹਮਣੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਨਗਰ ਕੌਂਸਲ ਵਿਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਬੀਤੇ ਦਿਨੀਂ ਪਹਿਲਾਂ ਸਰਵਿਸ ਬੁੱਕ ਨੂੰ ਲੈ ਕੇ ਦੇਰ ਰਾਤ ਤੱਕ ਹੰਗਾਮਾ ਤੇ ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਹੁਣ ਇਹ ਮਾਮਲਾ ਐੱਸਡੀਓ ਨਰੇਸ਼ ਸ਼ਰਮਾ ਅਤੇ ਨਗਰ ਕੌਂਸਲ ਵਿਚ ਤੈਨਾਤ ਲੇਖਾ ਕਲਰਕ ਗੌਰਵ ਸ਼ਰਮਾ ਦਰਮਿਆਨ ਸਿੱਧੀ ਟਕਰਾਅ ਦੀ ਸ਼ਕਲ ਅਖ਼ਤਿਆਰ ਕਰ ਚੁੱਕਾ ਹੈ। ਦੋਵਾਂ ਪੱਖਾਂ ਵੱਲੋਂ ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਕਰਕੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਨਾਲ ਮਾਮਲਾ ਹੋਰ ਵੀ ਉਲਝਦਾ ਹੋਇਆ ਦਿਖਾਈ ਦੇ ਰਿਹਾ ਹੈ।
ਪਹਿਲਾ ਘਟਨਾਕ੍ਰਮ, ਦੇਰ ਰਾਤ ਤੱਕ ਚੱਲਿਆ ਹੰਗਾਮਾ
ਦੋ ਦਿਨ ਪਹਿਲਾਂ ਐੱਸਡੀਓ ਨਰੇਸ਼ ਸ਼ਰਮਾ ਨਗਰ ਕੌਂਸਲ ਦਫ਼ਤਰ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀ ਸਰਵਿਸ ਬੁੱਕ ਦੀ ਮੰਗ ਨੂੰ ਲੈ ਕੇ ਰਿਕਾਰਡ ਰੂਮ ਵਿਚ ਦੇਰ ਰਾਤ ਤਕ ਬੈਠ ਕੇ ਵਿਰੋਧ ਦਰਜ ਕਰਵਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦਾ ਕਿਤੇ ਵੀ ਤਬਾਦਲਾ ਨਹੀਂ ਹੋਇਆ, ਇਸ ਦੇ ਬਾਵਜੂਦ ਉਨ੍ਹਾਂ ਨੂੰ ਜ਼ਬਰਦਸਤੀ ਰਿਲੀਵ ਦੱਸਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਬੈਕ ਡੇਟ ਵਿਚ ਕਿਸੇ ਹੋਰ ਅਧਿਕਾਰੀ ਦੀ ਤਾਇਨਾਤੀ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਹ ਵੀ ਸ਼ੱਕ ਸੀ ਕਿ ਉਨ੍ਹਾਂ ਦੀ ਸਰਵਿਸ ਬੁੱਕ ਤੇ ਸ਼ਿਕਾਇਤਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਹਾਲਾਤ ਵਿਗੜਣ ’ਤੇ ਪੁਲਿਸ ਨੂੰ ਵੀ ਮੌਕੇ ’ਤੇ ਆਉਣਾ ਪਿਆ।
ਨਵਾਂ ਘਟਨਾਕ੍ਰਮ : ਐੱਸਡੀਓ ਨਰੇਸ਼ ਸ਼ਰਮਾ ਨੇ ਦੋਸ਼ਾਂ ਦੀ ਲਗਾਈ ਝੜੀ
ਤਾਜ਼ਾ ਘਟਨਾਕ੍ਰਮ ਵਿਚ ਐੱਸਡੀਓ ਨਰੇਸ਼ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਸਰਵਿਸ ਬੁੱਕ ਲੈਣ ਲਈ ਦਫ਼ਤਰ ਗਏ ਸਨ ਪਰ ਜਾਣਬੁੱਝ ਕੇ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਵਿਸ ਬੁੱਕ ਵਿਚ ਗਲਤ ਐਂਟਰੀ ਕੀਤੀ ਗਈ ਹੈ। ਨਰੇਸ਼ ਸ਼ਰਮਾ ਅਨੁਸਾਰ ਲੇਖਾ ਕਲਰਕ ਗੌਰਵ ਸ਼ਰਮਾ ਸਵੇਰੇ ਕਰੀਬ 8:30 ਵਜੇ ਰਿਕਾਰਡ ਲੈ ਕੇ ਦਫ਼ਤਰ ਤੋਂ ਬਾਹਰ ਗਿਆ ਤੇ ਸ਼ਾਮ ਕਰੀਬ 4 ਵਜੇ ਵਾਪਸ ਆਇਆ। ਇਸ ਦੌਰਾਨ ਪਿਛਲੀ ਤਾਰੀਖ ਪਾ ਕੇ ਐਂਟਰੀ ਕਰਵਾਈ ਗਈ ਤੇ ਬਾਅਦ ਵਿਚ ਉਨ੍ਹਾਂ ਨੂੰ ਪ੍ਰਧਾਨ ਦੇ ਕਮਰੇ ਵਿਚ ਬਿਠਾ ਕੇ ਸਰਵਿਸ ਬੁੱਕ ਸੌਂਪੀ ਗਈ। ਐੱਸਡੀਓ ਦਾ ਕਹਿਣਾ ਹੈ ਕਿ ਜੇ ਬਿਨਾਂ ਕਿਸੇ ਅਰਜ਼ੀ ਦੇ ਹੀ ਸਰਵਿਸ ਬੁੱਕ ਵਾਪਸ ਦੇਣੀ ਸੀ ਤਾਂ ਇਕ ਦਿਨ ਪਹਿਲਾਂ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਉਹ ਪਹਿਲਾਂ ਦਫ਼ਤਰ ਪਹੁੰਚੇ ਸਨ, ਉਸ ਸਮੇਂ ਸਰਵਿਸ ਬੁੱਕ ਵਿਚ ਕੋਈ ਨਵੀਂ ਐਂਟਰੀ ਨਹੀਂ ਸੀ, ਪਰ ਬਾਅਦ ਵਿਚ ਰਿਕਾਰਡ ਬਾਹਰ ਲੈ ਜਾ ਕੇ ਉਸ ਨਾਲ ਹੇਰਾਫੇਰੀ ਕੀਤੀ ਗਈ।
ਨਰੇਸ਼ ਸ਼ਰਮਾ ਨੇ ਇਹ ਵੀ ਕਿਹਾ ਕਿ ਬਿਮਾਰੀ ਦੇ ਦੌਰਾਨ ਵੀ ਉਨ੍ਹਾਂ ਨੇ ਆਨਲਾਈਨ ਕੰਮ ਕੀਤਾ, ਫਿਰ ਵੀ ਉਨ੍ਹਾਂ ਦੀਆਂ ਛੁੱਟੀਆਂ ਨੂੰ ਬਿਨਾਂ ਉੱਚ-ਅਧਿਕਾਰੀਆਂ ਦੀ ਮਨਜ਼ੂਰੀ ਦੇ ਮਨਜ਼ੂਰ ਕਰਕੇ ਰਿਕਾਰਡ ਵਿਚ ਦਰਜ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਹ ਭਾਵੁਕ ਹੋ ਗਏ ਤੇ ਰੋ ਪਏ। ਉਨ੍ਹਾਂ ਨੇ ਕਲਰਕ ਗੌਰਵ ਸ਼ਰਮਾ ਉੱਤੇ ਕਾਰਜ ਸਾਧਕ ਅਫਸਰ ਦੇ ਦਫਤਰ ਵਿਚ ਈਓ ਦੀ ਮੌਜੂਦਗੀ ’ਚ ਨਵੰਬਰ ਮਹੀਨੇ ਧਮਕਾਉਣ ਤੇ ਕੁੱਟਮਾਰ ਦੇ ਦੋਸ਼ ਵੀ ਲਗਾਏ ਤੇ ਦਫ਼ਤਰ ਵਿਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਣ ਦਾ ਦਾਅਵਾ ਕੀਤਾ। ਇਸ ਬਾਬਤ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਗਈ, ਜੋ ਮੁੜ ਤੋਂ ਪੜਤਾਲ ਲਈ ਕਾਰਜ ਸਾਧਕ ਅਫਸਰ ਕੋਲ ਪਹੁੰਚੀ, ਜਿਨ੍ਹਾਂ ਵੱਲੋਂ ਮੇਰੇ ਨਾਲ ਕੁੱਟਮਾਰ ਕਰਨ ਵਾਲੇ ਗੌਰਵ ਸ਼ਰਮਾ ਨੂੰ ਹੀ ਸ਼ਿਕਾਇਤ ਅੱਗੇ ਫਾਰਵਰਡ ਕਰ ਦਿੱਤੀ ਗਈ, ਦੱਸੋ ਮੈਨੂੰ ਨਿਆਂ ਕਿਵੇਂ ਮਿਲੇਗਾ।
ਕਲਰਕ ਗੌਰਵ ਸ਼ਰਮਾ ਦਾ ਪਲਟਵਾਰ-
ਦੂਜੇ ਪਾਸੇ ਲੇਖਾ ਕਲਰਕ ਗੌਰਵ ਸ਼ਰਮਾ ਨੇ ਐੱਸਡੀਓ ਨਰੇਸ਼ ਸ਼ਰਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਗੌਰਵ ਸ਼ਰਮਾ ਦਾ ਕਹਿਣਾ ਹੈ ਕਿ ਨਰੇਸ਼ ਸ਼ਰਮਾ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਉਹ ਆਪਣਾ ਰਿਕਾਰਡ ਲੈ ਕੇ ਦਫ਼ਤਰ ਤੋਂ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਨਰੇਸ਼ ਸ਼ਰਮਾ ਨੇ ਸਾਲ 2023 ਵਿਚ ਜੁਆਇਨਿੰਗ ਕੀਤੀ ਸੀ, ਪਰ ਲਗਭਗ ਪੰਜ ਮਹੀਨੇ ਡਿਊਟੀ ਕਰਨ ਤੋਂ ਬਾਅਦ ਮਾਨਸਿਕ ਸਿਹਤ ਠੀਕ ਨਾ ਹੋਣ ਕਾਰਨ ਉਹ ਕਰੀਬ ਡੇਢ ਸਾਲ ਤੱਕ ਗੈਰ-ਹਾਜ਼ਰ ਰਹੇ। ਜੁਲਾਈ 2025 ਵਿਚ ਉਨ੍ਹਾਂ ਨੇ ਮੁੜ ਜੁਆਇਨ ਕੀਤਾ ਤੇ ਜਨਵਰੀ 2026 ਵਿਚ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਗਿਆ। ਗੌਰਵ ਸ਼ਰਮਾ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਹੀ ਨਰੇਸ਼ ਸ਼ਰਮਾ ਉਨ੍ਹਾਂ ਨਾਲ ਲਗਾਤਾਰ ਝਗੜਾ ਕਰਦੇ ਰਹੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਦੀਨਾਨਗਰ ਵਿਚ ਤਾਇਨਾਤੀ ਦੌਰਾਨ ਵੀ ਨਰੇਸ਼ ਸ਼ਰਮਾ ਦਾ ਰਿਕਾਰਡ ਠੀਕ ਨਹੀਂ ਸੀ ਤੇ ਗੈਰ-ਹਾਜ਼ਰੀ ਕਾਰਨ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਸੀ। ਕਲਰਕ ਗੌਰਵ ਸ਼ਰਮਾ ਨੇ ਇਹ ਵੀ ਦੋਸ਼ ਲਗਾਇਆ ਕਿ ਘਰੇਲੂ ਵਿਵਾਦਾਂ ਕਾਰਨ ਨਰੇਸ਼ ਸ਼ਰਮਾ ਉਨ੍ਹਾਂ ਕੋਲੋਂ ਕਿਰਾਏ ਦੇ ਪੈਸੇ ਮੰਗਦੇ ਰਹੇ, ਜੋ ਉਹ ਦਿੰਦੇ ਰਹੇ। ਬਾਅਦ ਵਿਚ ਮੁੜ ਪੈਸਿਆਂ ਦੀ ਮੰਗ ਕੀਤੀ ਗਈ ਤੇ ਜਲੰਧਰ ਤੋਂ ਆਉਣ-ਜਾਣ ਦੇ ਖਰਚੇ ਦਾ ਹਵਾਲਾ ਦਿੱਤਾ ਗਿਆ। ਗੌਰਵ ਸ਼ਰਮਾ ਨੇ ਐੱਸਡੀਓ ’ਤੇ ਵਿਧਾਇਕ ਅਤੇ ਹੋਰ ਸਟਾਫ਼ ਨਾਲ ਬਦਸਲੂਕੀ ਕਰਨ ਦੇ ਦੋਸ਼ ਵੀ ਲਗਾਏ ਹਨ।
ਜਾਂਚ ਦੀ ਮੰਗ, ਮਾਮਲਾ ਹੋਰ ਭਖਿਆ-
ਦੋਵਾਂ ਪੱਖਾਂ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਨਗਰ ਕੌਂਸਲ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲਾ ਹੁਣ ਸਥਾਨਕ ਪੱਧਰ ਤੋਂ ਨਿਕਲ ਕੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ ਤੇ ਨਿਰਪੱਖ ਜਾਂਚ ਦੀ ਮੰਗ ਤੇਜ਼ ਹੋ ਗਈ ਹੈ। ਫਿਲਹਾਲ ਪ੍ਰਸ਼ਾਸਨ ਦੀ ਅਗਲੀ ਕਾਰਵਾਈ ਤੇ ਜਾਂਚ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।