ਪਿਸਤੌਲ ਦੀ ਨੋਕ 'ਤੇ ਰੇਹੜੀ ਚਾਲਕ ਤੋਂ 10,000 ਲੁੱਟੇ
ਪਿਸਤੌਲ ਦੀ ਨੋਕ 'ਤੇ ਇੱਕ ਰੇਹੜੀ ਚਾਲਕ ਤੋਂ 10,000 ਰੁਪਏ ਲੁੱਟੇ
Publish Date: Sat, 04 Apr 2026 09:16 PM (IST)
Updated Date: Sat, 04 Apr 2026 09:19 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸੁਲਤਾਨਪੁਰ ਲੋਧੀ ’ਚ ਬੀਤੀ ਦੇਰ ਰਾਤ ਇਕ ਸਨਸਨੀਖੇਜ਼ ਘਟਨਾ ਵਾਪਰੀ। ਦੋ ਬਾਈਕ ਸਵਾਰ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ ਤੇ ਇਕ ਰੇਹੜੀ ਚਾਲਕ ਤੋਂ 10,000 ਰੁਪਏ ਲੁੱਟ ਲਏ। ਜਦੋਂ ਪੀੜਤ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਦੋ ਗੋਲੀਆਂ ਚਲਾਈਆਂ। ਇਕ ਗੋਲੀ ਪੀੜਤ ਦੀ ਲੱਤ ਤੇ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਘਟਨਾ ਨੇੜਲੇ ਸੀਸੀਟੀਵੀ ਵਿਚ ਵੀ ਕੈਦ ਹੋ ਗਈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਡੀਐੱਸਪੀ ਸ਼ੀਤਲ ਸਿੰਘ ਨੇ ਕਿਹਾ ਕਿ ਘਟਨਾ ਸਥਾਨ ਤੋਂ ਦੋ ਖੋਲ ਬਰਾਮਦ ਹੋਏ ਹਨ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਜੱਗੂ ਸ਼ਾਹ ਡੇਰੇ ਦੇ ਰਹਿਣ ਵਾਲੇ ਪੀੜਤ ਰਾਜਿੰਦਰ ਪਾਲ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਰਸੀਐੱਫ ਨੇੜੇ ਦੁਕਾਨਦਾਰਾਂ ਨੂੰ ਖਾਣ ਤੇ ਪੀਣ ਵਾਲਾ ਸਮਾਨ ਸਪਲਾਈ ਕਰਦਾ ਹੈ। ਬੀਤੀ ਰਾਤ, ਲੱਗਭਗ 10 ਵਜੇ ਉਹ ਆਮ ਵਾਂਗ ਕੰਮ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਬਰਿੰਦਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਸਨੂੰ ਰੋਕਿਆ। ਹਮਲਾਵਰਾਂ ਨੇ ਪਿਸਤੌਲ ਤਾਣ ਕੇ ਉਸਦੀ ਰੋਜ਼ਾਨਾ ਦੀ ਕਮਾਈ ਦੇ ਲੱਗਪਗ 10,000 ਰੁਪਏ ਲੁੱਟ ਲਏ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਤੇ ਦੋ ਗੋਲੀਆਂ ਚਲਾਈਆਂ ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਕ ਗੋਲੀ ਉਸਦੀ ਲੱਤ ਵਿਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ, ਨੇੜਲੇ ਨਿਵਾਸੀਆਂ ਦੀ ਮਦਦ ਨਾਲ, ਜ਼ਖਮੀ ਵਿਅਕਤੀ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਿਊਟੀ ਡਾਕਟਰ ਨੇ ਉਸਦੀ ਨਾਜ਼ੁਕ ਹਾਲਤ ਕਾਰਨ ਉਸਨੂੰ ਰੈਫਰ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੇ, ਥਾਣਾ ਸਦਰ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਦੋ ਖੋਲ ਵੀ ਬਰਾਮਦ ਕੀਤੇ। ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਕਿਹਾ ਕਿ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀਆਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।