ਸੁਲਤਾਨਪੁਰ ਲੋਧੀ ’ਚ ਲੁੱਟ ਦੀ ਕੋਸ਼ਿਸ਼ ਨਾਕਾਮ, ਕਾਰ ਦੀ ਭੰਨਤੋੜ
ਸੁਲਤਾਨਪੁਰ ਲੋਧੀ ’ਚ ਲੁੱਟ ਦੀ ਕੋਸ਼ਿਸ਼ ਨਾਕਾਮ, ਸਵਿਫਟ ਕਾਰ ਦੀ ਭੰਨਤੋੜ
Publish Date: Thu, 23 Apr 2026 09:27 PM (IST)
Updated Date: Fri, 24 Apr 2026 04:13 AM (IST)

ਕੈਪਸ਼ਨ : 23ਕੇਪੀਟੀ46 ਪੀੜਤ ਅਰਸ਼ਦੀਪ ਸਿੰਘ ਪੁਲਿਸ ਮੁਲਾਜ਼ਮ ਗੁਰਭੇਜ ਸਿੰਘ ਨੂੰ ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਇਲਾਕੇ ‘ਚ ਅਪਰਾਧਿਕ ਤੱਤਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਰਮਜੀਤਪੁਰ ਰੋਡ ‘ਤੇ ਗਊਸ਼ਾਲਾ ਦੇ ਨਜ਼ਦੀਕ ਤਿੰਨ ਨੌਜਵਾਨਾਂ ਵੱਲੋਂ ਇੱਕ ਕਾਰ ਸਵਾਰ ‘ਤੇ ਹਮਲਾ ਕਰ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੀੜਤ ਨੇ ਸੂਝਬੂਝ ਨਾਲ ਆਪਣੀ ਜਾਨ ਬਚਾ ਲਈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਵਾਸੀ ਪਿੰਡ ਮੋਖੇ, ਆਪਣੀ ਸਵਿਫਟ ਕਾਰ ਰਾਹੀਂ ਪਿੰਡ ਤੋਂ ਸੁਲਤਾਨਪੁਰ ਲੋਧੀ ਵੱਲ ਆ ਰਿਹਾ ਸੀ। ਜਦੋਂ ਉਹ ਕਰਮਜੀਤਪੁਰ ਰੋਡ ‘ਤੇ ਗਊਸ਼ਾਲਾ ਦੇ ਕੋਲ ਪਹੁੰਚਿਆ ਤਾਂ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਕਾਰ ’ਤੇ ਇੱਟਾਂ-ਰੋੜੇ ਵਰ੍ਹਾਏ ਗਏ ਅਤੇ ਕੜੇ ਨਾਲ ਵਾਰ ਕਰ ਕੇ ਗੱਡੀ ਦੇ ਫਰੰਟ, ਬੈਕ ਤੇ ਸਾਈਡ ਦੇ ਤਿੰਨ ਸ਼ੀਸ਼ੇ ਚੱਕਰਾਚੂਰ ਕਰ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਅਰਸ਼ਦੀਪ ਸਿੰਘ ਨੂੰ ਗੱਡੀ ਤੋਂ ਬਾਹਰ ਕੱਢ ਕੇ ਲੁੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਰਸ਼ਦੀਪ ਸਿੰਘ ਨੇ ਹੌਂਸਲਾ ਦਿਖਾਉਂਦੇ ਹੋਏ ਤੁਰੰਤ ਗੱਡੀ ਭਜਾ ਲਈ ਤੇ ਮੌਕੇ ਤੋਂ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ ਇਸ ਹਮਲੇ ਦੌਰਾਨ ਗੱਡੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਪੁਲਿਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ 112 ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।