- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਨਾ ਮੰਨੇ ਜਾਣ ਤੇ ਰੋਡ ਸੰਘਰਸ਼ ਕਮੇਟੀ ਨੇ ਪਿੰਡ ਟਿੱਬਾ ਵਿਖੇ ਐਕਸਪ੍ਰੈਸ ਵੇਅ ਦਾ ਕੰਮ ਰੋਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਦੀ ਨਲਾਇਕੀ ਕਾਰਨ ਕਿਸਾਨਾਂ ਨਾਲ ਧੱਕਾ ਹੋਇਆ
ਦੇਰ ਰਾਤ ਤੱਕ ਕਿਸਾਨ ਧਰਨੇ ’ਤੇ ਡੱਟੇ ਰਹੇ, ਪ੍ਰਸ਼ਾਸਨਿਕ ਅਧਿਕਾਰੀ ਮਨਾਉਂਦੇ ਰਹੇ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਮੰਗਾਂ ਨਾ ਮੰਨੇ ਜਾਣ ਤੋਂ ਅੱਕੇ ਕਿਸਾਨਾਂ ਨੇ ਅੱਜ ਟਿੱਬਾ ਵਿਖੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੇ 22 ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਕਰਕੇ ਉਸਾਰੇ ਜਾ ਰਹੇ ਦਿੱਲੀ-ਕਟੜਾ ਅਤੇ ਜਾਮਨਗਰ-ਬਠਿੰਡਾ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜ ਰੋਕ ਦਿੱਤੇ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ। ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਡੀਆਰਓ ਕਪੂਰਥਲਾ, ਨੈਸ਼ਨਲ ਹਾਈਵੇ ਅਥਾਰਟੀ ਅਤੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਸੰਘਰਸ਼ ਕਰਨਗੇ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ ਖਾਲਸਾ, ਜਥੇਦਾਰ ਅਵਤਾਰ ਸਿੰਘ ਮੀਰੇ, ਇੰਦਰਜੀਤ ਸਿੰਘ ਲਿਫਟਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਟਿੱਬਾ, ਤਰਸੇਮ ਸਿੰਘ, ਜਸਵਿੰਦਰ ਕੌਰ ਟਿੱਬਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਤਿੰਨ ਸਾਲਾਂ ਤੋਂ ਧੋਖੇ ਵਿਚ ਰੱਖ ਰਿਹਾ ਹੈ। ਜ਼ਮੀਨਾਂ ਦਾ ਮੁਆਵਜ਼ਾ ਮਾਰਕੀਟ ਰੇਟ ਤੋਂ ਘੱਟ ਦਿੱਤੇ ਜਾਣ ਤੋਂ ਬਾਅਦ ਪ੍ਰਭਾਵਿਤ ਕਿਸਾਨਾਂ ਨੇ ਆਰਬੀਟੇਰੇਟਰ ਦਾ ਦਰਵਾਜ਼ਾ ਖੜਕਾਇਆ। ਆਰਬੀਟੇਟਰ ਵੱਲੋਂ ਦਿੱਤੇ ਫ਼ੈਸਲੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੇ ਮੰਨਣ ਤੋਂ ਇਨਕਾਰੀ ਹੁੰਦਿਆਂ ਸੈਸ਼ਨ ਕੋਰਟ ਵਿਚ ਚੈਲੰਜ ਕਰ ਦਿੱਤਾ ਜਦ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਜ਼ਮੀਨਾਂ ਦਾ ਕਬਜ਼ਾ ਲੈ ਕੇ ਨਿਰਮਾਣ ਕਾਰਜ ਜਾਰੀ ਰੱਖੇ। ਰੋਡ ਸੰਘਰਸ਼ ਕਮੇਟੀ ਅਤੇ ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਪ੍ਰਸ਼ਾਸਨ ਨੇ ਲਾਰੇ-ਲੱਪੇ ਵਿਚ ਹੀ ਰੱਖਿਆ। ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅੰਡਰਪਾਸ, ਰਸਤੇ, ਪਾਈਪ ਲਾਈਨਾਂ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਡੀਆਰਓ ਕਪੂਰਥਲਾ ਨੂੰ ਵਾਰ-ਵਾਰ ਮੰਗਾਂ ਸਬੰਧੀ ਯਾਦ ਕਰਵਾਇਆ ਗਿਆ ਪਰ ਉਨ੍ਹਾਂ ਨੇ ਵੀ ਟਾਲਮਟੋਲ ਦੀ ਨੀਤੀ ਅਪਣਾਈ ਰੱਖੀ। ਇਸ ਮੌਕੇ ਪੀੜਤ ਕਿਸਾਨਾਂ ਨੇ ਕੁੱਝ ਅਧਿਕਾਰੀਆਂ ’ਤੇ ਖੱਜਲ-ਖੁਆਰ ਕਰਨ ਤੇ ਪੈਸੇ ਮੰਗਣ ਦੇ ਸਿੱਧੇ ਦੋਸ਼ ਵੀ ਲਾਏ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਏ ਹਨ ਤੇ ਜਦੋਂ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਮੰਗਾਂ ਨਹੀਂ ਮੰਨ ਲੈਂਦੇ, ਉਨ੍ਹਾਂ ਚਿਰ ਉਹ ਧਰਨਾ ਨਹੀਂ ਚੁੱਕਣਗੇ ਤੇ ਨਾ ਹੀ ਨਿਰਮਾਣ ਕਾਰਜ ਹੋਣਗੇ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਪਰ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ। ਇਸ ਮੌਕੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ਼ ਗੱਲਬਾਤ ਕਰਨ ਲਈ ਤਹਿਸੀਲਦਾਰ ਪਰਮਿੰਦਰ ਸਿੰਘ, ਡੀਐੱਸਪੀ ਧੀਰੇਂਦਰ ਵਰਮਾ, ਡੀਐੱਸਪੀ ਹਰਗੁਰਦੇਵ ਸਿੰਘ ਜੰਮੂ, ਨਾਇਬ ਤਹਿਸੀਲਦਾਰ ਗੌਰਵ ਬਾਂਸਲ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਰਵਨ ਸਿੰਘ, ਕਾਨੂੰਗੋ ਬਖਸ਼ੀਸ਼ ਸਿੰਘ ਪਹੁੰਚੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਸਹਿਮਤ ਹਨ ਤੇ ਇਨ੍ਹਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕੇ ਉਹ ਧਰਨਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਜਾਣ ਪਰ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਉਹ ਲਗਾਤਾਰ ਧਰਨਾ ਦੇਣਗੇ ਅਤੇ ਪ੍ਰਸ਼ਾਸਨ ’ਤੇ ਭਰੋਸਾ ਨਹੀਂ ਕਰਨਗੇ। ਇਸ ਮੌਕੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ 8 ਜਨਵਰੀ ਨੂੰ ਧਰਨੇ ਵਾਲ਼ੇ ਸਥਾਨ ’ਤੇ ਮੰਗਾਂ ਦੇ ਹੱਲ ਲਈ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਾਡੀਆਂ ਕੀਮਤੀ ਜ਼ਮੀਨਾਂ ਨੈਸ਼ਨਲ ਹਾਈਵੇ ਅਥਾਰਟੀ ਨੇ ਕੋਡੀਆਂ ਦੇ ਭਾਅ ਐਕਵਾਇਰ ਕਰ ਲਈਆਂ ਹਨ ਅਤੇ ਹੁਣ ਕੋਈ ਇਨਸਾਫ ਨਹੀਂ ਦੇ ਰਹੇ। ਖ਼ਬਰ ਲਿਖੇ ਜਾਣ ਤੱਕ ਸੜਕ ’ਤੇ ਮਿੱਟੀ ਪਾ ਰਹੇ ਟਿੱਪਰ ਰੋਕ ਦਿੱਤੇ ਗਏ ਸਨ। ਇਸ ਮੌਕੇ ਸ਼ਿੰਗਾਰਾ ਸਿੰਘ ਟਿੱਬਾ, ਤਰਸੇਮ ਸਿੰਘ, ਪਿਆਰਾ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਨਵਦੀਪ ਸਿੰਘ ਮੈਰੀਪੁਰ, ਕਲਵਿੰਦਰ ਸਿੰਘ, ਰੇਸ਼ਮ ਸਿੰਘ ਅਮਾਨੀਪੁਰ, ਜਸਵਿੰਦਰ ਸਿੰਘ ਟਿੱਬਾ, ਹਰਜੀਤ ਸਿੰਘ ਜਾਰਜਪੁਰ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਆਪ ਆਗੂ ਅਮਰੀਕ ਸਿੰਘ ਟਿੱਬਾ, ਸੁਖਦੇਵ ਸਿੰਘ ਟਿੱਬਾ ਆਦਿ ਹਾਜ਼ਰ ਸਨ।