ਸ਼ਹਿਰ ’ਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ : ਆਸ਼ੂ
ਸ਼ਹਿਰ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ,ਆਸ਼ੂ
Publish Date: Sun, 17 May 2026 06:31 PM (IST)
Updated Date: Sun, 17 May 2026 06:33 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਲੈ ਕੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਜਨਰਲ ਸਕਤਰ ਲੋਕੇਸ਼ ਬਾਲੀ, ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਲਈ ਐਲਾਨਿਆ ਗਿਆ 10 ਲੱਖ ਰੁਪਏ ਦਾ ਬੀਮਾ ਉਸ ਵੇਲੇ ਕਿਸੇ ਕੰਮ ਨਹੀਂ ਆਵੇਗਾ, ਜਦੋਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਨਾਲ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਜਾਣਗੀਆਂ। ਹਾਲੇ ਤੇ ਸਿਰਫ ਬੀਮੇ ਦੇ ਕਾਰਡ ਹੀ ਭਰਵਾਏ ਜਾ ਰਹੇ ਹਨ, ਜਦਕਿ ਕੂੜੇ ਕਾਰਣ ਬਿਮਾਰੀਆਂ ਦੇ ਫੈਲਣ ਦਾ ਖਦਸਾ ਬਣਿਆ ਹੋਇਆ ਹੈ। ਭਾਜਪਾ ਆਗੂਆਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫਗਵਾੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਤੋਂ ਬਦਬੂ ਅਤੇ ਗੰਦਗੀ ਕਾਰਨ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਇਹ ਹਾਲਾਤ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀ ਸਿਹਤ ਅਤੇ ਸਫ਼ਾਈ ਪ੍ਰਬੰਧਾਂ ਪ੍ਰਤੀ ਗੰਭੀਰ ਨਹੀਂ ਹੈ। ਨਗਰ ਨਿਗਮ ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਵੱਡੇ ਢੇਰ ਲੱਗ ਗਏ ਹਨ, ਜਿਸ ਨਾਲ ਗੰਦਗੀ ਅਤੇ ਬਦਬੂ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਈ ਵਾਰਡਾਂ ਵਿੱਚ ਸੜਕਾਂ ਕਿਨਾਰੇ ਪਿਆ ਕੂੜਾ ਮਹਾਮਾਰੀ ਫੈਲਣ ਦੇ ਖਤਰੇ ਨੂੰ ਵਧਾ ਰਿਹਾ ਹੈ। ਭਾਜਪਾ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਹੜਤਾਲ ਖਤਮ ਕਰਵਾਏ ਅਤੇ ਸ਼ਹਿਰ ਵਿੱਚ ਸਫਾਈ ਪ੍ਰਬੰਧ ਸੁਚਾਰੂ ਬਣਾਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨਾ ਪਵੇਗਾ।