ਕੋਲੇ ਦੇ ਭਾਅ ਚੜ੍ਹਣ ਨਾਲ ਇੱਟਾਂ ਮਹਿੰਗੀਆਂ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਈਆਂ
ਕੋਲੇ ਦੇ ਭਾਅ ਚੜ੍ਹਣ ਨਾਲ ਇੱਟਾਂ ਮਹਿੰਗੀਆਂ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਈਆਂ
Publish Date: Wed, 18 Mar 2026 07:33 PM (IST)
Updated Date: Thu, 19 Mar 2026 04:10 AM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਕੋਲੇ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਭੁਲੱਥ ਸਬ ਡਵੀਜ਼ਨ ਦੇ ਇੱਟਾਂ ਦੇ ਭੱਠਾ ਮਾਲਕ ਗੰਭੀਰ ਚਿੰਤਾ ਵਿੱਚ ਹਨ। ਕੋਲਾ ਮਹਿੰਗਾ ਹੋਣ ਨਾਲ ਭੱਠਿਆਂ ਦੀ ਉਤਪਾਦਨ ਲਾਗਤ ਕਾਫ਼ੀ ਵੱਧ ਗਈ ਹੈ, ਜਿਸ ਦਾ ਸਿੱਧਾ ਅਸਰ ਇੱਟਾਂ ਦੀਆਂ ਕੀਮਤਾਂ ‘ਤੇ ਪਿਆ ਹੈ। ਇਸ ਕਾਰਨ ਹੁਣ ਇੱਟਾਂ ਆਮ ਆਦਮੀ ਦੀ ਪਹੁੰਚ ਤੋਂ ਵੀ ਬਾਹਰ ਹੁੰਦੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਓ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਪੰਨੂ ਅਤੇ ਹੋਰ ਭੱਠਾ ਮਾਲਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕੋਲੇ ਦੀ ਕੀਮਤ ਵਿੱਚ ਵੱਡਾ ਉਛਾਲ ਆਇਆ ਹੈ। ਕੋਲਾ ਮਹਿੰਗਾ ਹੋਣ ਨਾਲ ਭੱਠਿਆਂ ਦਾ ਖਰਚਾ ਕਾਫ਼ੀ ਵਧ ਗਿਆ ਹੈ, ਜਿਸ ਕਰਕੇ ਇੱਟਾਂ ਦੀ ਤਿਆਰੀ ਦੀ ਲਾਗਤ ਵੀ ਬੇਹੱਦ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇੱਟਾਂ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਹਨ ਤਾਂ ਮਾਰਕੀਟ ਵਿੱਚ ਮੰਗ ਘੱਟ ਜਾਂਦੀ ਹੈ, ਜਿਸ ਕਾਰਨ ਭੱਠਾ ਮਾਲਕਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਤ ਇਹ ਹਨ ਕਿ ਕਈ ਭੱਠੇ ਬੰਦ ਹੋਣ ਦੇ ਕਗਾਰ ‘ਤੇ ਪਹੁੰਚ ਗਏ ਹਨ। ਭੱਠਾ ਮਾਲਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਲੇ ਦੀਆਂ ਕੀਮਤਾਂ ਵਿੱਚ ਇਉਂ ਹੀ ਵਾਧਾ ਹੁੰਦਾ ਰਿਹਾ ਤਾਂ ਕਈ ਛੋਟੇ ਭੱਠਾ ਮਾਲਕ ਆਪਣੇ ਭੱਠੇ ਬੰਦ ਕਰਨ ਲਈ ਮਜਬੂਰ ਹੋ ਜਾਣਗੇ। ਇਸ ਨਾਲ ਸੈਂਕੜਿਆਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ‘ਤੇ ਵੀ ਅਸਰ ਪੈ ਸਕਦਾ ਹੈ। ਇਸ ਮਾਮਲੇ ਵਿੱਚ ਸਥਾਨਕ ਵਪਾਰੀਆਂ ਅਤੇ ਮਜ਼ਦੂਰ ਵਰਗ ਨੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ ‘ਤੇ ਨਿਯੰਤਰਣ ਕੀਤਾ ਜਾਵੇ ਜਾਂ ਭੱਠਾ ਉਦਯੋਗ ਨੂੰ ਰਾਹਤ ਦਿੱਤੀ ਜਾਵੇ, ਤਾਂ ਜੋ ਇਹ ਉਦਯੋਗ ਬਚ ਸਕੇ ਅਤੇ ਲੋਕਾਂ ਨੂੰ ਵੀ ਵਾਜਿਬ ਕੀਮਤ ‘ਤੇ ਇੱਟਾਂ ਮਿਲ ਸਕਣ।