ਪਿੰਡ ਮਾਛੀਜੋਆ ਦੇ ਨਿਵਾਸੀਆਂ ’ਚ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ
ਨਿਵਾਸੀ ਨਰਕ ਭਰੀ ਜ਼ਿੰਦਗੀ ਜੀਊਣ ਨੂੰ ਮਜਬੂਰ ਲੋਕ, ਬਿਮਾਰੀਆਂ ਫੈਲਣ ਦਾ ਖਤਰਾ ਵਧਿਆ
Publish Date: Thu, 19 Mar 2026 08:58 PM (IST)
Updated Date: Thu, 19 Mar 2026 09:01 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਮਾਛੀਜੋਆ ਦੀਆਂ ਕਾਲੋਨੀਆਂ ਵਿਚ ਸੀਵਰੇਜ ਪ੍ਰਬੰਧ ਦੀ ਕਮੀ ਕਾਰਨ ਹਲਾਤ ਦਿਨੋਂ-ਦਿਨ ਗੰਭੀਰ ਬਣਦੇ ਜਾ ਰਹੇ ਹਨ। ਸੀਵਰੇਜ ਦੇ ਪਾਈਪ ਨਾ ਪੈਣ ਤੇ ਅਧੂਰੇ ਛੱਡੇ ਗਏ ਕੰਮ ਕਾਰਨ ਗੰਦਾ ਪਾਣੀ ਗਲੀਆਂ, ਘਰਾਂ ਦੇ ਆਲੇ-ਦੁਆਲੇ ਤੇ ਖਾਲੀ ਪਲਾਟਾਂ ਵਿਚ ਇਕੱਠਾ ਹੋ ਰਿਹਾ ਹੈ, ਜਿਸ ਨਾਲ ਲੋਕ ਗੰਦਗੀ ਭਰੇ ਮਾਹੌਲ ਵਿਚ ਜੀਉਣ ਲਈ ਮਜਬੂਰ ਹਨ। ਸਥਾਨਕ ਵਸਨੀਕ ਜਰਨੈਲ ਸਿੰਘ, ਸੋਢੀ ਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਸਗੋਂ ਕਾਫੀ ਸਮੇਂ ਤੋਂ ਬਣੀ ਹੋਈ ਹੈ। ਕਈ ਵਾਰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵਧ ਰਹੀ ਹੈ। ਗਰਮੀ ਦੇ ਮੌਸਮ ਦੀ ਸ਼ੁਰੂਆਤ ਨਾਲ ਗੰਦਲੇ ਪਾਣੀ ਵਿਚੋਂ ਉੱਠ ਰਹੀ ਬਦਬੂ ਨੇ ਜੀਣਾ ਮੁਸ਼ਕਲ ਕਰ ਦਿੱਤਾ ਹੈ। ਮੱਛਰਾਂ ਤੇ ਕੀੜਿਆਂ ਦੀ ਵਧਦੀ ਸੰਖਿਆ ਕਾਰਨ ਡੇਂਗੂ, ਮਲੇਰੀਆ ਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਖਾਸ ਕਰਕੇ ਬੱਚੇ ਤੇ ਬਜ਼ੁਰਗ ਇਸਦਾ ਵੱਧ ਪ੍ਰਭਾਵ ਝੱਲ ਰਹੇ ਹਨ। ਕਈ ਘਰਾਂ ਦੇ ਸਾਹਮਣੇ ਪਾਣੀ ਖੜ੍ਹਾ ਰਹਿਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਕੂਲ ਜਾਣ ਵਾਲੇ ਬੱਚਿਆਂ ਤੇ ਰੋਜ਼ਾਨਾ ਕੰਮ ‘ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗੰਦਗੀ ਕਾਰਨ ਪੀਣ ਵਾਲੇ ਪਾਣੀ ਦੇ ਸਰੋਤ ਪ੍ਰਦੂਸ਼ਿਤ ਹੋਣ ਦਾ ਵੀ ਖਤਰਾ ਬਣ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਕੁਝ ਹਿੱਸਿਆਂ ਵਿਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਪਰ ਕਾਲੋਨੀਆਂ ਵਿਚ ਰਹਿੰਦੇ ਲੋਕਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਜਾਣਬੁੱਝ ਕੇ ਇਸ ਇਲਾਕੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਸੀਵਰੇਜ ਦੇ ਪਾਈਪ ਪਾਏ ਜਾਣ ਤੇ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਰਨੈਲ ਸਿੰਘ, ਸੋਢੀ, ਲਵਪ੍ਰੀਤ ਸਿੰਘ, ਸ਼ੰਕਰ ਕੁਮਾਰ, ਰਾਜੇਸ਼, ਬਬਲੂ, ਪਰਮਜੀਤ ਕੌਰ, ਸੀਤਾ, ਜਗੀਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਸੁਨੀਤਾ, ਰਾਜ ਰਾਣੀ, ਰੂਬੀ ਅਤੇ ਰੀਨਾ ਆਦਿ ਮੌਜੂਦ ਸਨ। ਉਧਰ ਦੂਜੇ ਪਾਸੇ ਪਿੰਡ ਦੇ ਸੈਕਟਰੀ ਕਸ਼ਮੀਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਜਲਦ ਹੀ ਮੌਕੇ ਦਾ ਦੌਰਾ ਕਰਕੇ ਹਲਾਤਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਜੋ ਵੀ ਸਮੱਸਿਆ ਹੈ, ਉਸਦਾ ਪੱਕਾ ਹੱਲ ਕੀਤਾ ਜਾਵੇਗਾ।