15 ਲੱਖ ’ਚ ਤਾਂ ਘਰ ਬਣ ਜਾਂਦਾ ਪਰ ਨਿਗਮ ਨੇ ਚੱਜ ਦਾ ਗੇਟ ਤੱਕ ਨਹੀਂ ਲਾਇਆ
ਮੁਹੱਲਾ ਵਾਸੀਆਂ ਨੇ ਲਗਾਏ ਨਗਰ ਨਿਗਮ ਤੇ ਮਾੜਾ ਮਟੀਰੀਅਲ ਵਰਤਣ ਦੇ ਆਰੋਪ
Publish Date: Sat, 28 Feb 2026 07:44 PM (IST)
Updated Date: Sat, 28 Feb 2026 07:46 PM (IST)
ਮੁਹੱਲਾ ਵਾਸੀਆਂ ਨੇ ਲਗਾਏ ਨਗਰ ਨਿਗਮ ਫਗਵਾੜਾ ’ਤੇ ਮਾੜਾ ਮੈਟੀਰੀਅਲ ਵਰਤਣ ਦੇ ਦੋਸ਼
ਫਗਵਾੜਾ : ਛੇ ਮਹੀਨੇ ਪਹਿਲਾਂ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਚ ਮੌਜੂਦ ਨਗਰ ਨਿਗਮ ਦੇ ਪਾਰਕ ਦੀ ਬਾਉਂਡਰੀ ਵਾਲ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ। ਉੱਥੇ ਬਾਉਂਡਰੀ ਵਾਲ ਦੇ ਨਾਲ ਗੇਟ ਵੀ ਲਗਾਇਆ ਗਿਆ ਸੀ, ਜੋ ਕਿ ਖੇਡਦੇ ਹੋਏ ਬੱਚਿਆਂ ਦੀ ਮੌਜੂਦਗੀ ਵਿਚ ਡਿੱਗ ਗਿਆ। ਹਾਲਾਂਕਿ ਬੱਚੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚ ਗਏ। ਇਸ ਮੌਕੇ ਇਕੱਤਰ ਹੋਏ ਮੁਹੱਲਾ ਵਾਸੀਆਂ ਬਲਵਿੰਦਰ ਠਾਕੁਰ, ਬਿਪੁਲ ਭੱਲਾ, ਭਜਨ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਪਾਰਕ ਦੀ ਬਾਉਂਡਰੀ ਵਾਲ ਤੇ ਵਿਚਕਾਰ ਸੈਰ ਕਰਨ ਲਈ ਫੁੱਟਪਾਥ ਬਣਾਉਣ ਲਈ 15 ਲੱਖ ਰੁਪਏ ਦੇ ਟੈਂਡਰ ਪਾਸ ਹੋਏ ਸਨ, ਜਿਸ ਨਾਲ ਕਿ ਇਸਦੀ ਤਿੰਨ ਪਾਸੇ ਦੀ ਬਾਉਂਡਰੀ ਵਾਲ ਕਰਵਾ ਦਿੱਤੀ ਗਈ। ਗੇਟ ਵੀ ਲਗਾ ਦਿੱਤੇ ਗਏ ਪਰ ਅੰਦਰ ਫੁੱਟਪਾਥ ਨਹੀਂ ਬਣੇ ਤੇ ਜੋ ਗੇਟ ਲਗਾਏ ਗਏ ਹਨ, ਉਨ੍ਹਾਂ ਵਿਚ ਮੈਟੀਰੀਅਲ ਇੰਨਾ ਮਾੜਾ ਇਸਤੇਮਾਲ ਕੀਤਾ ਗਿਆ, ਜੋਕਿ ਟੁਟਨਾ ਸ਼ੁਰੂ ਹੋ ਚੁੱਕਾ ਹੈ। ਅੱਜ ਇਕ ਪਾਸੇ ਦਾ ਗੇਟ ਟੁੱਟ ਗਿਆ ਤੇ ਦੂਜੇ ਪਾਸੇ ਵਾਲੇ ਗੇਟ ’ਤੇ ਵੀ ਤਰੇੜਾਂ ਆਈਆਂ ਹੋਈਆਂ ਹਨ। ਜੇਕਰ ਨਗਰ ਨਿਗਮ ਨੇ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਹੈ ਕਿ ਇਹ ਗੇਟ ਚੋਰਾਂ ਦਾ ਨਿਸ਼ਾਨਾ ਬਣੇਗਾ। ਬਾਉਂਡਰੀ ਦੇ ਹਲਾਤ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਾਰਕ ਦੀ ਬਾਉਂਡਰੀ ਵਾਲ ਬਣਾਉਣ ਵਿਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੱਧ ਵਰਗ ਦੇ ਨਾਗਰਿਕ ਨੇ ਘਰ ਬਣਾਉਣਾ ਹੋਵੇ ਤਾਂ 15 ਲੱਖ ਵਿਚ ਮਜ਼ਬੂਤ ਘਰ ਬਣ ਜਾਂਦਾ ਹੈ ਪਰ ਨਗਰ ਨਿਗਮ ਵੱਲੋਂ ਬਣਾਈ ਬਾਉਂਡਰੀ ਵਾਲ ਛੇ ਮਹੀਨੇ ਵੀ ਨਹੀਂ ਚੱਲ ਸਕੀ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਅਪੀਲ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।