ਰਾਸ਼ਟਰੀ ਕੈਂਪ ’ਚ ਸੰਦੀਪ ਦੀ ਨੁਮਾਇੰਦਗੀ ਬਣੀ ਵਿਦਿਆਰਥੀਆਂ ਲਈ ਪ੍ਰੇਰਣਾ
ਐਨ.ਐਸ.ਐਸ ਰਾਸ਼ਟਰੀ ਕੈਂਪ ’ਚ ਸੰਦੀਪ ਸਿੰਘ ਵੱਲੋਂ ਨੁਮਾਇੰਦਗੀ ਬਣੀ ਵਿਦਿਆਰਥੀਆਂ ਲਈ ਪ੍ਰੇਰਣਾ
Publish Date: Thu, 12 Feb 2026 09:23 PM (IST)
Updated Date: Thu, 12 Feb 2026 09:26 PM (IST)

ਕੈਪਸ਼ਨ : 12ਕੇਪੀਟੀ26 ਸੰਦੀਪ ਸਿੰਘ । ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਲਈ ਇਹ ਬੇਹੱਦ ਮਾਣ ਦੀ ਗੱਲ ਹੈ ਕਿ ਕਾਲਜ ਦੇ ਐੱਨਐੱਸਐੱਸ ਪ੍ਰੋਗਰਾਮ ਅਫਸਰ ਸੰਦੀਪ ਸਿੰਘ (ਲੈਕਚਰਾਰ, ਰਾਜਨੀਤੀ ਸ਼ਾਸਤਰ) ਨੇ ਯੁਵਾ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੀਂ ਦਿੱਲੀ ਵਿਖੇ ਕਰਤੱਵਯ ਪਥ ‘ਤੇ ਰੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਆਯੋਜਿਤ 77ਵੇਂ ਗਣਤੰਤਰ ਦਿਵਸ ਪਰੇਡ 2026 ਨਾਲ ਸਬੰਧਤ ਰਾਸ਼ਟਰੀ ਕੈਂਪ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸੰਦੀਪ ਸਿੰਘ ਨੇ ਇਸ ਪ੍ਰਤਿਸ਼ਠਿਤ ਕੈਂਪ ਦੌਰਾਨ ਚੰਡੀਗੜ੍ਹ ਖੇਤਰ, ਜਿਸ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸ਼ਾਮਲ ਹਨ, ਦੀ ਨੁਮਾਇੰਦਗੀ ਕਰਦਿਆਂ ਐੱਨਐੱਸਐੱਸ ਪ੍ਰੋਗਰਾਮ ਅਫਸਰ ਵਜੋਂ ਭਾਗ ਲਿਆ। 1 ਜਨਵਰੀ ਤੋਂ 31 ਜਨਵਰੀ 2026 ਤੱਕ ਆਯੋਜਿਤ ਇਸ ਮਹੱਤਵਪੂਰਨ ਰਾਸ਼ਟਰੀ ਕੈਂਪ ਦੌਰਾਨ ਉਨ੍ਹਾਂ ਨੇ ਦੇਸ਼ ਭਰ ਤੋਂ ਚੁਣੇ ਗਏ ਪ੍ਰੋਗਰਾਮ ਅਫਸਰਾਂ ਤੇ ਵਲੰਟੀਅਰਾਂ ਨਾਲ ਮਿਲ ਕੇ ਪਰੇਡ ਲਈ ਟੀਮ ਦੀ ਅਨੁਸ਼ਾਸਨਤਮਕ ਤੇ ਪ੍ਰਭਾਵਸ਼ਾਲੀ ਤਿਆਰੀ ਯਕੀਨੀ ਬਣਾਈ। ਆਪਣਾ ਅਨੁਭਵ ਸਾਂਝਾ ਕਰਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਇਸ ਰਾਸ਼ਟਰੀ ਕੈਂਪ ਵਿਚ ਭਾਗ ਲੈਣਾ ਉਨ੍ਹਾਂ ਲਈ ਜੀਵਨ ਦਾ ਬਹੁਤ ਹੀ ਪ੍ਰੇਰਣਾਦਾਇਕ ਤੇ ਮਾਣ ਵਾਲਾ ਤਜਰਬਾ ਰਿਹਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵਲੰਟੀਅਰਾਂ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤਿਕ ਵਿਭਿੰਨਤਾ ਅਤੇ ਰਾਸ਼ਟਰੀ ਏਕਤਾ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਲਈ ਇਹ ਵੀ ਮਾਣ ਵਾਲਾ ਪਲ ਰਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਸੁਨਹਿਰੀ ਮੌਕਾ ਮਿਲਿਆ, ਜੋ ਉਨ੍ਹਾਂ ਦੇ ਜੀਵਨ ਦੀ ਅਮਿੱਟ ਯਾਦ ਬਣ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸੰਦੀਪ ਸਿੰਘ ਦੀ ਇਸ ਉਪਲਬਧੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਖਤ ਮਿਹਨਤ, ਅਨੁਸ਼ਾਸਨ ਤੇ ਸਮਾਜਿਕ ਸੇਵਾ ਪ੍ਰਤੀ ਸਮਰਪਣ ਨਾਲ ਵਿਦਿਆਰਥੀ ਉੱਚੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ ਤੇ ਦੇਸ਼ ਸੇਵਾ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। ਕਾਲਜ ਦੇ ਐੱਨਐੱਸਐੱਸ ਕੋਆਰਡੀਨੇਟਰ ਤੇ ਸਾਇੰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਵੀ ਸੰਦੀਪ ਸਿੰਘ ਨੂੰ ਵਧਾਈ ਦਿੱਤੀ।