ਡਡਵਿੰਡੀ ਨੇੜੇ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ 'ਤੇ ਟੋਇਆਂ ਦੀ ਮੁਰੰਮਤ ਸ਼ੁਰੂ
ਡਡਵਿੰਡੀ ਨੇੜੇ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ 'ਤੇ ਟੋਇਆਂ ਦੀ ਮੁਰੰਮਤ ਸ਼ੁਰੂ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
Publish Date: Wed, 10 Jun 2026 08:14 PM (IST)
Updated Date: Thu, 11 Jun 2026 04:09 AM (IST)

ਕੈਪਸ਼ਨ : 10ਕੇਪੀਟੀ13,14,15 ਪਿੰਡ ਡਡਵਿੰਡੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਸੜਕ ਤੇ ਪਏ ਵੱਢੇ ਵੱਡੇ ਟੋਇਆਂ ਨੂੰ ਰਿਪੇਅਰ ਕਰਵਾਉਂਦੇ ਹੋਏ ਨੈਸ਼ਨਲ ਹਾਈਵੇ ਅਥਾਰਟੀ ਦੇ ਮੁਲਾਜਮ । * ਰਾਹਗੀਰਾਂ ਤੇ ਇਲਾਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਡਡਵਿੰਡੀ ਤੇ ਕਪੂਰਥਲਾ ਵੱਲ ਜਾਂਦੀ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਲੰਬੇ ਸਮੇਂ ਤੋਂ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਟੋਇਆਂ ਕਾਰਨ ਰੋਜ਼ਾਨਾ ਛੋਟੇ-ਵੱਡੇ ਹਾਦਸੇ ਵਾਪਰ ਰਹੇ ਸਨ ਅਤੇ ਕਈ ਵਾਰ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਸਨ। ਹੁਣ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕਾ ਵਾਸੀਆਂ ਨੇ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਡਡਵਿੰਡੀ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੜਕ ਤੇ ਪਏ ਵੱਡੇ ਟੋਏ ਨੂੰ ਪੈਚ ਵਰਕ ਰਾਹੀਂ ਭਰਿਆ ਜਾ ਰਿਹਾ ਹੈ। ਇਸ ਸੜਕ ਦੀ ਮਾੜੀ ਹਾਲਤ ਕਰਕੇ ਇਸ ਸਥਾਨ ਤੇ ਐਕਸੀਡੈਂਟ ਹੋਣ ਕਾਰਨ ਦੋ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਸਮੇਂ ਹੀ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਸਨ। ਕਈ ਥਾਵਾਂ ਤੇ ਸੜਕ ਉੱਚੀ-ਨੀਵੀਂ, ਟੇਢੀ-ਮੇਢੀ ਬਣੀ ਹੋਈ ਹੈ, ਜਦਕਿ ਕੁਝ ਹਿੱਸਿਆਂ ਵਿੱਚ ਕੰਮ ਅਧੂਰਾ ਛੱਡਿਆ ਗਿਆ ਹੈ ਜਿਵੇਂ ਕਿ ਐੱਚ ਪੀ ਪੈਟਰੋਲ ਪੰਪ ਡਡਵਿੰਡੀ ਦੇ ਬਿਲਕੁਲ ਸਾਹਮਣੇ। ਇਸ ਕਾਰਨ ਵਾਹਨ ਚਾਲਕਾਂ ਨੂੰ ਹਰ ਰੋਜ਼ ਖਤਰਾ ਮੋਲ ਲੈ ਕੇ ਸਫ਼ਰ ਕਰਨਾ ਪੈਂਦਾ ਹੈ। ਮੌਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਹੁਕਮਾਂ ਅਨੁਸਾਰ ਇਸ ਵੇਲੇ ਸੜਕ ਦੇ ਖਰਾਬ ਹੋਏ ਹਿੱਸਿਆਂ ਅਤੇ ਟੋਇਆਂ ਦੀ ਹੀ ਪੈਚ ਵਰਕ ਰਾਹੀਂ ਮੁਰੰਮਤ ਕੀਤੀ ਜਾ ਰਹੀ ਹੈ। ਪੂਰੀ ਸੜਕ ਦੇ ਮੁੜ ਨਿਰਮਾਣ ਸਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਿਰਫ਼ ਟੋਇਆਂ ਦੀ ਮੁਰੰਮਤ ਕਰਨ ਦੀ ਬਜਾਏ ਪੂਰੀ ਸੜਕ ਦੀ ਤਕਨੀਕੀ ਜਾਂਚ ਕਰਵਾ ਕੇ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।