ਧਾਰਮਿਕ ਗਾਇਕ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਨਾ ਕਰੇ : ਬਿੱਟਾ / ਰਾਹੁਲ
ਧਾਰਮਿਕ ਗਾਇਕ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਨਾ ਕਰੇ : ਬਿੱਟਾ / ਰਾਹੁਲ
Publish Date: Thu, 12 Mar 2026 09:39 PM (IST)
Updated Date: Thu, 12 Mar 2026 09:42 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀਂ ਫਿਰੋਜ਼ਪੁਰ ਵਿਚ ਹੋਏ ਇਕ ਹਿੰਦੂ ਸਮਾਗਮ ਦੌਰਾਨ ਧਾਰਮਿਕ ਗਾਇਕ ਵੱਲੋਂ ਈਸਾਈ ਭਾਈਚਾਰੇ ਖ਼ਿਲਾਫ਼ ਕਥਿਤ ਤੌਰ ‘ਤੇ ਅਪਸ਼ਬਦ ਬੋਲਣ ਦੇ ਮਾਮਲੇ ਨੂੰ ਲੈ ਕੇ ਈਸਾਈ ਭਾਈਚਾਰੇ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਕ੍ਰਿਸ਼ਚਨ ਯੂਥ ਫੋਲੋਸ਼ਿਪ ਦੇ ਜ਼ਿਲ੍ਹਾ ਕਪੂਰਥਲਾ ਰੂਰਲ ਦੇ ਪ੍ਰਧਾਨ ਜਸਵਿੰਦਰ ਬਿੱਟਾ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਾਹੁਲ ਰੋਬਟ ਮਸੀਹ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਸ਼ਾਸਨ ਕੋਲੋਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਗਾਇਕ ਵੱਲੋਂ ਪਹਿਲਾਂ ਵੀ ਵਿਵਾਦਤ ਬਿਆਨ ਦੇ ਕੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ। ਹੁਣ ਫਿਰ ਤੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ। ਬਿੱਟਾ ਤੇ ਰਾਹੁਲ ਮਸੀਹ ਨੇ ਕਿਹਾ ਕਿ ਈਸਾਈ ਭਾਈਚਾਰਾ ਧਾਰਮਿਕ ਗਾਇਕ ਦੇ ਇਸ ਤਰ੍ਹਾਂ ਦੇ ਬਿਆਨਾਂ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ। ਕਿਸੇ ਵੀ ਧਰਮ ਜਾਂ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਬੋਲ ਬੋਲਣਾ ਕਬੂਲਯੋਗ ਨਹੀਂ ਤੇ ਇਸ ਨਾਲ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਕਲਾਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਦੀ ਧਾਰਮਿਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਵਾਲੇ ਕਲਾਕਾਰਾਂ ਦੇ ਪੰਜਾਬ ਵਿਚ ਹੋਣ ਵਾਲੇ ਪ੍ਰੋਗਰਾਮਾਂ ‘ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਸਮਾਜ ਵਿਚ ਸ਼ਾਂਤੀ ਤੇ ਭਾਈਚਾਰਕ ਏਕਤਾ ਬਣੀ ਰਹੇ।