ਸਾਰੇ ਧਾਰਮਿਕ ਅਸਥਾਨ ਬੁੱਢੇ ਦਰਿਆ ਨੂੰ ਵਲੀਪੁਰ ਕਲਾਂ ਤੱਕ ਸਾਫ਼ ਕਰਨ ਲਈ ਸਹਿਯੋਗ ਦੇਣ : ਸੰਤ ਸੀਚੇਵਾਲ
ਬੁੱਢੇ ਦਰਿਆ ‘ਤੇ ਧਾਰਮਿਕ ਸਖ਼ਸ਼ੀਅਤਾਂ ਨੇ ਕੀਤਾ ਸਿਜਦਾ
Publish Date: Sat, 11 Apr 2026 10:19 PM (IST)
Updated Date: Sat, 11 Apr 2026 10:20 PM (IST)

- ਬੁੱਢੇ ਦਰਿਆ ’ਤੇ ਬੂਟਾ ਲਾ ਕੇ ਸੰਤਾਂ-ਮਹਾਪੁਰਸ਼ਾਂ ਨੇ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੁੱਢੇ ਦਰਿਆ ਦਾ ਸਾਫ਼ ਪਾਣੀ ਲੁਧਿਆਣਾ ਦੀ ਹਦੂਦ ਤੱਕ ਪਹੁੰਚਣ ’ਤੇ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ ਨੇ ਸੰਗਤਘਾਟ ’ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਵਿੱਤਰ ਬੁੱਢੇ ਦਰਿਆ ਦੇ ਸਾਫ਼ ਹੋਏ ਪਾਣੀ ਨੂੰ ਸਿਜਦਾ ਕੀਤਾ। ਧਾਰਮਿਕ ਸ਼ਖ਼ਸੀਅਤਾਂ ਨੇ ਇੱਕਸੁਰ ਹੁੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਬੁੱਢੇ ਦਰਿਆ ਦੀ ਕੀਤੀ ਅਣਥੱਕ ਕਾਰਸੇਵਾ ਨੇ ਲੁਧਿਆਣਾ ਵਾਸੀਆਂ ਨੂੰ ਪਿਛਲੇ ਸਾਲ ਹੜ੍ਹ ਤੋਂ ਬਚਾਅ ਲਿਆ ਸੀ। ਸ਼ਾਹੀ ਇਮਾਮ ਲੁਧਿਆਣਵੀ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਉਮੀਦ ਪ੍ਰਗਟਾਈ ਕਿ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਜਲਦੀ ਹੀ ਗੁਰਦੁਆਰਾ ਗਾਊਘਾਟ ਵਿਖੇ ਇਕੱਠੇ ਹੋ ਕੇ ਬੁੱਢੇ ਦਰਿਆ ਦੇ ਸਾਫ਼ ਪਾਣੀ ਦਾ ਆਨੰਦ ਮਾਣਨਗੇ। ਧਾਰਮਿਕ ਸ਼ਖ਼ਸੀਅਤਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੁੱਢੇ ਦਰਿਆ ਦਾ ਦੂਸ਼ਿਤ ਪਾਣੀ ਮਾਲਵੇ ਦੇ ਧਾਰਮਿਕ ਅਸਥਾਨਾਂ ਵਿੱਚ ਵਰਤਿਆ ਜਾ ਰਿਹਾ ਹੈ ਤੇ ਲੁਧਿਆਣਾ ਦੇ ਡੇਅਰੀਆਂ ਵਾਲੇ ਤੇ ਫੈਕਟਰੀਆਂ ਵਾਲੇ ਇਸ ਵਿੱਚ ਗੋਬਰ ਅਤੇ ਜ਼ਹਿਰੀਲਾ ਪਾਣੀ ਪਾ ਰਹੇ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਮਨੁਫ਼ੇ ਦੀ ਹੋੜ ਵਿੱਚ ਇੰਨਾ ਗੁਆਚ ਗਏ ਹਾਂ ਕਿ ਆਪਣੇ ਹੀ ਭੈਣ-ਭਰਾਵਾਂ ਨੂੰ ਆਪਣਾ ਤੇ ਪਸ਼ੂਆਂ ਦਾ ਮਲਮੂਤਰ ਪਿਆਉਣ ਲਈ ਮਜਬੂਰ ਕਰ ਰਹੇ ਹਨ। ਇਸ ਮੌਕੇ ਆਈਆਂ ਧਾਰਮਿਕ ਸ਼ਖਸੀਅਤਾਂ ਨੇ ਜਿੱਥੇ ਦਰਿਆ ਦੇ ਕਿਨਾਰੇ ਬੂਟੇ ਲਾਏ ਉੱਥੇ ਪ੍ਰਣ ਕੀਤਾ ਕਿ ਉਹ ਦਰਿਆ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ। ਸੰਤ ਸੀਚੇਵਾਲ ਨੇ ਲੁਧਿਆਣੇ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਬੁੱਢੇ ਦਰਿਆ ਨੂੰ ਵਲੀਪੁਰ ਕਲਾਂ ਤੱਕ ਸਾਫ਼ ਕਰਨ ਲਈ ਸਹਿਯੋਗ ਦੇਣ ਤਾਂ ਜੋ ਅਗਲੀ ਵਿਸਾਖੀ ਗੁਰਦੁਆਰਾ ਗਾਊਘਾਟ ’ਤੇ ਮਨਾਈ ਜਾ ਸਕੇ। ਇਸ ਧਾਰਮਿਕ ਸਮਾਗਮ ਵਿੱਚ ਪੰਡਵਾਂ ਤੋਂ ਸੰਤ ਗੁਰਚਰਨ ਸਿੰਘ, ਖੁਖਰੈਣ ਤੋਂ ਸੰਤ ਅਮਰੀਕ ਸਿੰਘ, ਭੈਣੀ ਸੰਪ੍ਰਦਾ ਤੋਂ ਸਤਿਗੁਰੂ ਊਦੈ ਸਿੰਘ ਜੀ ਵੱਲੋਂ ਭੇਜੇ ਸੇਵਾਦਾਰਾਂ ਵਿੱਚ ਨਿਰਮਲ ਸਿੰਘ ਭੱਟੀ, ਬਲਬੀਰ ਸਿੰਘ ਪ੍ਰਧਾਨ, ਜੱਥੇਦਾਰ ਮਨਜੀਤ ਸਿੰਘ, ਰਾਜਵੰਤ ਸਿੰਘ ਸੰਤ ਬੱਗਾ ਸਿੰਘ ਵਿਰਕ ਬਰਸਾਲਾ, ਸੰਤ ਬੱਗਾ ਸਿੰਘ, ਬਾਬਾ ਦੀਪਕ ਸਿੰਘ ਦੌਧਰ, ਸੰਤ ਸਿੰਘ ਸੰਗੋਵਾਲ ਅਤੇ ਸੰਤ ਹਰਮਨ ਸਿੰਘ ਖਾਸੀ ਕਲਾਂ ਸਮੇਤ ਅਨੇਕਾਂ ਧਾਰਮਿਕ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ। ਸਟੇਜ ਦਾ ਸੰਚਲਾਨ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਕੀਤਾ। ਇਸ ਮੌਕੇ ਵੱਖ-ਵੱਖ ਪਿੰਡ ਤੋਂ ਪੰਚਾਂ-ਸਰਪੰਚਾਂ ਸਮੇਤ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।