ਪਰਮੇਸ਼ਵਰ ਜੀ ਕੋਲੋਂ ਨਵੀਆਂ ਬਰਕਤਾਂ ਹਾਸਲ ਕਰੋ : ਪਾਸਟਰ ਦਿਓਲ
ਨਵੇਂ ਸਾਲ ਵਿੱਚ ਪਰਮੇਸ਼ਵਰ ਜੀ ਕੋਲੋਂ ਨਵੀਆਂ-ਨਵੀਆਂ ਬਰਕਤਾਂ ਹਾਸਲ ਕਰੋ: ਪਾਸਟਰ ਦਿਓਲ
Publish Date: Mon, 05 Jan 2026 07:00 PM (IST)
Updated Date: Mon, 05 Jan 2026 07:02 PM (IST)

--ਦਿ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪਹਿਲੀ ਪ੍ਰਾਰਥਨਾ ਸਭਾ ਪ੍ਰਭਾਵਸ਼ਾਲੀ ਢੰਗ ਨਾਲ ਹੋਈ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਨਵੇਂ ਸਾਲ ਦੀ ਸ਼ੁਰੂਆਤੀ ਪਹਿਲੀ ਪ੍ਰਾਰਥਨਾ ਸਭਾ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸ਼ੁਰੂ ਹੋਈ, ਜਿਸ ਵਿਚ ਦੇਸ਼ਾਂ-ਪ੍ਰਦੇਸ਼ਾਂ ਤੋਂ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਪਰਮੇਸ਼ਵਰ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਪ੍ਰਾਰਥਨਾ ਦੇ ਸ਼ੁਰੂ ਵਿਚ ਦਿ ਓਪਨ ਡੋਰ ਚਰਚ ਖੋਜੇਵਾਲਾ ਦੀ ਭਜਨ ਮੰਡਲੀ ਵੱਲੋਂ ਪਰਮੇਸ਼ਵਰ ਜੀ ਦੇ ਪਿਆਰ ਨਾਲ ਭਿੱਜੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ, ਉਪਰੰਤ ਸੰਗਤਾਂ ਵਿਚ ਬੈਠੇ ਸੈਂਕੜੇ ਹੀ ਲੋਕਾਂ ਨੇ ਸਮੂਹ ਸੰਗਤਾਂ ਦੇ ਸਾਹਮਣੇ ਆ ਕੇ ਆਪਣੇ ਆਪਣੇ ਜੀਵਨ ਵਿਚ ਪ੍ਰਭੂ ਯਿਸੂ ਮਸੀਹ ਜੀ ਦੀ ਰਹਿਮਤ ਨਾਲ ਹੋਏ ਬਦਲਾਵ, ਮਿਲੀਆਂ ਬਰਕਤਾਂ ਅਤੇ ਤੰਦਰੁਸਤੀਆਂ ਬਾਰੇ ਦੱਸਿਆ, ਜਿਸ ਨਾਲ ਨਵੀਆਂ ਆਈਆਂ ਹੋਈਆਂ ਸੰਗਤਾਂ ਬਹੁਤ ਹੀ ਪ੍ਰਭਾਵਿਤ ਹੋਈਆਂ, ਕਿਉਂਕਿ ਪਰਮੇਸ਼ਰ ਜੀ ਵੱਲੋਂ ਸਾਡੀ ਜ਼ਿੰਦਗੀ ਵਿਚ ਕੀਤੇ ਹੋਏ ਕੰਮ ਭਾਵ ਬਦਲਾਅ, ਦੁੱਖਾਂ, ਬਿਮਾਰੀਆਂ, ਕਲੇਸ਼ਾਂ ਤੋਂ ਛੁਟਕਾਰਾ, ਬਦੀਆਂ ਬਦਕਾਰੀਆਂ ਤੋਂ ਤੌਬਾ ਕਰਨ ਦੀ ਉਕਸਾਹਟ ਤੇ ਪਰਿਵਾਰਾਂ ਵਿਚ ਸੁਖ, ਸ਼ਾਂਤੀ, ਦਇਆ ਸ਼ਿਫਾ ਅਤਿਆਦਿਕ ਬਣ ਜਾਣਾ ਕਿਸੇ ਅਚੰਭੇ ਨਾਲੋਂ ਘੱਟ ਨਹੀਂ ਹੁੰਦਾ। ਉਪਰੰਤ ਪਾਸਟਰ ਗੁਰਸ਼ਰਨ ਦਿਓਲ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਵਿਚੋਂ ਪ੍ਰਵਚਨਾਂ ਦੁਆਰਾ ਸਾਂਝ ਪਾਈ ਅਤੇ ਦੱਸਿਆ ਕਿ ਅਗਰ ਅਸੀਂ ਸਭ ਦੂਸਰਿਆਂ ਨੂੰ ਸੁਧਾਰਨ ਦੀ ਬਜਾਏ ਆਪਣੇ-ਆਪ ਨੂੰ ਹੀ ਸੁਧਾਰਨਾ ਸ਼ੁਰੂ ਕਰ ਦਈਏ ਤਾਂ ਸਾਡਾ ਜੀਵਨ ਪਰਮੇਸ਼ਵਰ ਦੀ ਕਿਰਪਾ ਦੁਆਰਾ ਬਹੁਤ ਹੀ ਆਨੰਦਮਈ ਬਣ ਜਾਵੇਗਾ ਪਰ ਅੱਜ ਤਾਂ ਹਰੇਕ ਇਨਸਾਨ ਆਪਣੇ-ਆਪ ਨੂੰ ਸਹੀ ਸਾਬਤ ਕਰਨ ਲਈ ਝੂਠ, ਫਰੇਬ, ਨਿੰਦਿਆ, ਚੁਗਲੀ ਵਿਚ ਫਸਿਆ ਹੋਇਆ ਪਾਪ ਕਰਨ ਵਿਚ ਲੱਗਾ ਹੋਇਆ ਹੈ। ਸਾਡੀਆਂ ਬਿਮਾਰੀਆਂ, ਪਰੇਸ਼ਾਨੀਆਂ ਅਤੇ ਲਚਾਰੀਆਂ ਦੀ ਵਜ੍ਹਾ ਵੀ ਸਾਡੇ ਵੱਲੋਂ ਕੀਤੇ ਜਾ ਰਹੇ ਪਾਪ ਹੀ ਹਨ। ਇਸ ਦੇ ਨਾਲ ਹੀ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਵੀ ਨਵੇਂ ਸਾਲ ਦੇ ਸ਼ੁਰੂਆਤੀ ਪਹਿਲੇ ਐਤਵਾਰ ਦੀ ਪ੍ਰਾਰਥਨਾ ਸਭਾ ਵਿਚ ਕਿਹਾ ਕਿ ਅਗਰ ਆਪਾਂ ਸਾਰੇ 2025 ਵਿਚ ਹੋਈਆਂ ਭੁੱਲਾਂ, ਗਲਤੀਆਂ ਤੋਂ ਤੌਬਾ ਕਰਕੇ ਨਵੇਂ ਸਾਲ ਦੇ ਸ਼ੁਰੂ ਤੋਂ ਹੀ ਪਰਮੇਸ਼ਵਰ ਜੀ ਵੱਲੋਂ ਦੱਸੇ ਹੋਏ ਨੇਕੀ ਦੇ ਰਾਹ ’ਤੇ ਚੱਲ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿਚ ਆਪਣੇ-ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਨਵਾਂ ਜੀਵਨ ਸ਼ੁਰੂ ਕਰ ਲਈਏ ਤਾਂ ਪ੍ਰਭੂ ਯਿਸੂ ਮਸੀਹ ਜੀ ਸਾਡੇ ਜੀਵਨ ਵਿਚ ਹੋਰ ਵੀ ਨਵੀਆਂ ਬਰਕਤਾਂ ਦੇ ਭੰਡਾਰ ਲਾ ਦੇਣਗੇ। ਇਸ ਦੇ ਨਾਲ ਹੀ ਪਾਸਟਰ ਹਰਪ੍ਰੀਤ ਦਿਓਲ ਵੱਲੋਂ ਸਮੂਹ ਮਾਨਵਤਾ ਦੇ ਭਲੇ ਲਈ ਆਪਣੇ ਦੇਸ਼ ਅਤੇ ਪੰਜਾਬ ਦੇ ਭਲੇ ਲਈ ਪਰਮੇਸ਼ਵਰ ਜੀ ਕੋਲ ਪ੍ਰਾਰਥਨਾ ਕੀਤੀ ਗਈ।