- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਯੂਨੀਅਨ ਨੇ 'ਅੰਨ੍ਹੇਵਾਹ

-ਯੂਨੀਅਨ ਨੇ 'ਅੰਨ੍ਹੇਵਾਹ ਆਊਟਸੋਰਸਿੰਗ' ਨੂੰ ਠਹਿਰਾਇਆ ਜ਼ਿੰਮੇਵਾਰ
ਹਰਨੇਕ ਸਿੰਘ ਜੈਨਪੁਰੀ, ਜਾਗਰਣ
ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ’ਚ ਇਕ ਭਿਆਨਕ ਦੁਰਘਟਨਾ ਵਾਪਰੀ, ਜਿਸ ਨੇ ਫੈਕਟਰੀ ਪ੍ਰਸ਼ਾਸਨ ਦੇ ਸੁਰੱਖਿਆ ਦਾਅਵਿਆਂ ਤੇ ਕਾਰਜ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਨਵੇਂ ਬਣੇ ਐੱਮਈਐੱਮਯੂ ਰੈਕ ਦੀ ਟੈਸਟਿੰਗ ਦੌਰਾਨ ਭਾਰੀ ਤਕਨੀਕੀ ਲਾਪਰਵਾਹੀ ਸਾਹਮਣੇ ਆਈ, ਜਿਸ ਕਾਰਨ ਇਹ ਰੈਕ ਪੂਰੀ ਹੋ ਕੇ ਆਰਸੀਐੱਫ ਦੀ ਕੋਚ ਕੰਪਲੀਸ਼ਨ ਸ਼ਾਪ ਦੇ ਰਸਤੇ ਵਿਚ ਲੱਗੇ ਭਾਰੀ ਲੋਹੇ ਦੇ ਦੋਵੇਂ ਗੇਟਾਂ ਨੂੰ ਉਖਾੜਦਾ ਹੋਇਆ ਵੈਸਟ ਕਲੋਨੀ ਦੀ ਮੁੱਖ ਲਾਈਨ ਵੱਲ ਨਿਕਲ ਗਿਆ। ਇਸ ਭਿਆਨਕ ਟੱਕਰ ਵਿਚ ਰੈਕ ਦਾ ਡੀਐੱਮਸੀ (ਡਰਾਇਵਿੰਗ ਮੋਟਰ ਕੋਚ) ਪੱਟੜੀ ਤੋਂ ਉਤਰ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ, ਹਾਦਸਾ ਇੰਨਾ ਜ਼ਬਰਦਸਤ ਸੀ ਕਿ ਉੱਥੋਂ ਲੰਘ ਰਹੀ ਇਕ ਕਾਰ ਵਾਲ-ਵਾਲ ਬਚੀ, ਨਹੀਂ ਤਾਂ ਇਕ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਲਾਂਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਰੇਲਵੇ ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਇਸ ਘਟਨਾ 'ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ 'ਅੰਨ੍ਹੇਵਾਹ ਆਊਟਸੋਰਸਿੰਗ' ਤੇ ਨਿੱਜੀਕਰਨ ਦੀਆਂ ਨੀਤੀਆਂ ਇਸ ਹਾਦਸੇ ਦੀ ਮੁੱਖ ਜੜ੍ਹ ਹੈ। ਯੂਨੀਅਨ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਮਹੱਤਵਪੂਰਨ ਤਕਨੀਕੀ ਕੰਮਾਂ ਤੇ ਸੁਰੱਖਿਆ ਪ੍ਰੋਟੋਕੋਲ ਨਾਲ ਜੁੜੇ ਸੰਵੇਦਨਸ਼ੀਲ ਖੇਤਰਾਂ ਵਿਚ ਵੀ ਅਣਸਿੱਖਿਅਤ ਠੇਕਾ ਕਰਮਚਾਰੀਆਂ ਨੂੰ ਤਾਇਨਾਤ ਕਰ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਕੋਲ ਨਾ ਤਾਂ ਲੋੜੀਂਦਾ ਤਕਨੀਕੀ ਹੁਨਰ ਹੈ ਤੇ ਨਾ ਹੀ ਰੇਲਵੇ ਦੇ ਸੁਰੱਖਿਆ ਮਾਪਦੰਡਾਂ ਦਾ ਗਿਆਨ। ਉਨ੍ਹਾਂ ਕਿਹਾ ਸੁਰੱਖਿਆ ਵਰਗੇ ਗੰਭੀਰ ਵਿਸ਼ੇ 'ਤੇ ਠੇਕਾ ਪ੍ਰਣਾਲੀ ਰਾਹੀਂ ਕੀਤਾ ਜਾ ਰਿਹਾ ਇਹ ਸਮਝੌਤਾ ਨਾ ਕੇਵਲ ਰੇਲਵੇ ਦੀ ਜਾਇਦਾਦ, ਬਲਕਿ ਕਰਮਚਾਰੀਆਂ ਤੇ ਕਲੋਨੀ ਨਿਵਾਸੀਆਂ ਦੇ ਜੀਵਨ ਲਈ ਵੀ ਇਕ ਵੱਡਾ ਖ਼ਤਰਾ ਬਣ ਚੁੱਕਾ ਹੈ। ਜਨਰਲ ਸਕੱਤਰ ਸਰਵਜੀਤ ਸਿੰਘ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਇਸ ਗੰਭੀਰ ਗੜਬੜੀ ਲਈ ਜ਼ਿੰਮੇਵਾਰ ਸਬੰਧਤ ਅਧਿਕਾਰੀਆਂ ਤੇ ਸੁਪਰਵਾਈਜ਼ਰਾਂ ਦੇ ਵਿਰੁੱਧ ਤੁਰੰਤ ਸਖ਼ਤ ਅਨੁਸ਼ਾਸਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਜਿਸ ਨਿੱਜੀ ਕੰਪਨੀ ਦੇ ਅਣਸਿੱਖਿਅਤ ਕਰਮਚਾਰੀਆਂ ਕਾਰਨ ਇਹ ਹਾਦਸਾ ਹੋਇਆ, ਉਸ ਦਾ ਟੈਂਡਰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ, ਟੈਸਟਿੰਗ, ਸ਼ੰਟਿੰਗ ਤੇ ਹੋਰ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਕੰਮਾਂ ਵਿਚ ਆਊਟਸੋਰਸਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਤੇ ਕੇਵਲ ਕੁਸ਼ਲ ਤੇ ਤਜਰਬੇਕਾਰ ਰੈਗੂਲਰ ਰੇਲਵੇ ਕਰਮਚਾਰੀਆਂ ਨੂੰ ਹੀ ਤਾਇਨਾਤ ਕੀਤਾ ਜਾਵੇ। ਯੂਨੀਅਨ ਨੇਤਾਵਾ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਭ੍ਰਿਸ਼ਟ ਕਾਰਜ ਪ੍ਰਣਾਲੀ ਤੇ ਸੁਰੱਖਿਆ ਚੂਕ 'ਤੇ ਕੋਈ ਠੋਸ ਕਾਰਵਾਈ ਨਹੀਂ ਕਰਦਾ, ਤਾਂ ਆਰਸੀਐੱਫ ਇੰਪਲਾਈਜ਼ ਯੂਨੀਅਨ ਕਰਮਚਾਰੀਆਂ ਤੇ ਕਲੋਨੀ ਨਿਵਾਸੀਆਂ ਦੀ ਸੁਰੱਖਿਆ ਲਈ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਤੇ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।