ਤੇਜ਼ੀ ਨਾਲ ਵਧ ਰਹੇ ਤਾਪਮਾਨ ਨੇ ਕਰਵਾਇਆ ਗਰਮੀ ਦਾ ਅਹਿਸਾਸ
ਤੇਜ਼ੀ ਨਾਲ ਵੱਧ ਰਹੇ ਤਾਪਮਾਨ ਨੇ ਮੌਸਮ ਤੋਂ ਪਹਿਲਾਂ ਹੀ ਕਰਵਾਇਆ ਗਰਮੀ ਦਾ ਅਹਿਸਾਸ
Publish Date: Fri, 06 Mar 2026 09:10 PM (IST)
Updated Date: Fri, 06 Mar 2026 09:12 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੂਰੇ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਨਾਲ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਵੀ ਗਰਮੀ ਦੇ ਮੌਸਮ ਤੋਂ ਪਹਿਲਾਂ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਦਿਨ ਦੇ ਤਾਪਮਾਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਤੇਜ਼ੀ ਨਾਲ ਵਧਣ ਲੱਗਾ ਹੈ। ਅੱਜ ਸਵੇਰੇ ਦਿਨ ਦਾ ਤਾਪਮਾਨ ਜਿਥੇ 33 ਡਿਗਰੀ ਸੈਲਸੀਅਸ ਸੀ, ਉਥੇ ਦੇਰ ਸ਼ਾਮ ਇਹ ਘਟ ਕੇ 14 ਡਿਗਰੀ ਦੇ ਕਰੀਬ ਹੋ ਗਿਆ। ਮੌਸਮ ਮਾਹਰਾਂ ਅਨੁਸਾਰ ਮਾਰਚ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਵਿਚ ਇਹ ਵਾਧਾ ਗਰਮੀ ਦੇ ਜਲਦੀ ਦਸਤਕ ਦੇਣ ਵੱਲ ਇਸ਼ਾਰਾ ਕਰ ਰਿਹਾ ਹੈ। ਬੀਤੇ ਹਫਤੇ 28 ਮਾਰਚ ਤੋਂ ਤਾਪਮਾਨ ਵਿਚ ਹੁਣ ਤੱਕ ਪੰਜ ਫੀਸਦੀ ਤੋਂ ਵੱਧ ਤਾਪਮਾਨ ਵਧ ਗਿਆ ਹੈ। ਸਵੇਰ ਦੇ ਵੇਲੇ ਤਾਪਮਾਨ ਵਿਚ ਨਮੀ 94 ਫੀਸਦੀ ਤੇ ਦੁਪਹਿਰ ਵਿਚ 44 ਫੀਸਦੀ ਦਰਜ ਕੀਤੀ ਗਈ। ਉਥੇ ਹਵਾ ਦੀ ਰਫਤਾਰ 2.9 ਕਿਲੋਮੀਟਰ ਪ੍ਰਤੀ ਘੰਟਾ ਰਹੀ। ਇੰਨਾ ਦਿਨਾਂ ਵਿਚ ਬਾਰਿਸ਼ ਨਾ ਹੋਣ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਮੌਸਮ ਮਾਹਰਾਂ ਮੁਤਾਬਕ ਜੇ ਤਾਪਮਾਨ ਇੰਝ ਹੀ ਵਧਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਗਰਮੀ ਹੋਰ ਜ਼ਿਆਦਾ ਮਹਿਸੂਸ ਹੋਵੇਗੀ, ਜਿਸ ਦਾ ਪ੍ਰਭਾਵ ਫਸਲਾਂ ਤੇ ਲੋਕਾਂ ਦੀ ਸਿਹਤ ’ਤੇ ਵੀ ਪੈਣ ਦੀ ਸੰਭਾਵਨਾ ਹੈ। ਅਜਿਹੇ ਮੌਸਮ ’ਚ ਵਾਇਰਲ ਦਾ ਖਤਰਾ ਸਿਹਤ ਮਾਹਿਰ ਡਾਕਟਰ ਅਮਨਪ੍ਰੀਤ ਸਿੰਘ ਐੱਮਡੀ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਦੇ ਮੁਤਾਬਕ ਮੌਸਮ ਵਿਚ ਅਚਾਨਕ ਵਧਦੀ ਗਰਮੀ ਦਾ ਅਸਰ ਮਨੁੱਖੀ ਸਰੀਰ ’ਤੇ ਵੀ ਪੈਂਦਾ ਹੈ। ਦਿਨ-ਰਾਤ ਦੇ ਤਾਪਮਾਨ ਵਿਚ ਅਚਾਨਕ ਬਦਲਾਅ ਨਾਲ ਜ਼ੁਕਾਮ, ਗਲੇ ਵਿਚ ਖਾਰਸ਼ ਤੇ ਵਾਇਰਲ ਦਾ ਵੀ ਖਤਰਾ ਵਧ ਜਾਂਦਾ ਹੈ। ਸਰੀਰ ਵਿਚ ਪਾਣੀ ਦੀ ਘਾਟ ਦੀ ਸਮੱਸਿਆ ਹੋ ਸਕਦੀ ਹੈ। ਬਜ਼ੁਰਗਾਂ ਤੇ ਬੱਚਿਆਂ ਨੂੰ ਥਕਾਵਟ, ਚੱਕਰ ਤੇ ਸਿਰ ਦਰਦ ਦੀ ਸ਼ਿਕਾਇਤ ਵਧ ਜਾਂਦੀ ਹੈ। ਤੇਜ਼ ਧੁੱਪ ਵਿਚ ਲੰਮੇ ਸਮੇਂ ਤੱਕ ਰਹਿਣ ਨਾਲ ਵੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਡਾਕਟਰ ਦੀ ਸਲਾਹ ਹੈ ਕਿ ਮੌਸਮ ਵਿਚ ਆਏ ਬਦਲਾਅ ਦੇ ਦੌਰਾਨ ਜ਼ਿਆਦਾ ਪਾਣੀ ਪੀਓ, ਹਲਕਾ ਤੇ ਸੰਤੁਲਿਤ ਭੋਜਨ ਲਵੋ, ਧੁੱਪ ਵਿਚ ਨਿਕਲਦੇ ਸਮੇਂ ਸਿਰ ਨੂੰ ਢੱਕ ਕੇ ਰੱਖੋ ਤੇ ਬਜ਼ੁਰਗਾਂ ਤੇ ਬੱਚੇ ਖਾਸ ਤੌਰ ’ਤੇ ਸਾਵਧਾਨੀ ਵਰਤਣ।