ਬਹਾਦੁਰੀ, ਤਿਆਗ ਤੇ ਸ਼ਾਨ ਦਾ ਪ੍ਰਤੀਕ ਹੈ ਭਾਰਤੀ ਸੈਨਾ ਦਿਵਸ : ਰਾਣਾ
ਬਹਾਦੁਰੀ, ਤਿਆਗ ਤੇ ਸ਼ਾਨ ਦਾ ਪ੍ਰਤੀਕ — ਭਾਰਤੀ ਸੈਨਾ ਦਿਵਸ ਮੌਕੇ ਰਾਣਾ ਗੁਰਜੀਤ ਸਿੰਘ ਦਾ ਨਮਨ
Publish Date: Thu, 15 Jan 2026 06:55 PM (IST)
Updated Date: Thu, 15 Jan 2026 06:57 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਾਰਤੀ ਸੈਨਾ ਦਿਵਸ ‘ਤੇ ਦੇਸ਼ ਵਾਸੀਆਂ ਤੇ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਬਹਾਦੁਰ ਸੈਨਿਕਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੀ ਅਟੱਲ ਨਿਸ਼ਠਾ, ਅਡੋਲ ਹੌਸਲੇ ਤੇ ਬੇਮਿਸਾਲ ਬਹਾਦੁਰੀ ਨੂੰ ਸਲਾਮ ਕੀਤਾ। ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਭਾਰਤੀ ਸੈਨਾ ਦੇ ਜਵਾਨਾਂ ਦੀ ਕੁਰਬਾਨੀ, ਤਿਆਗ ਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਹੀ ਸਾਡੇ ਦੇਸ਼ ਦੀ ਅਖੰਡਤਾ, ਸੰਪ੍ਰਭੂਤਾ ਅਤੇ ਸੁਰੱਖਿਆ ਦੀ ਮਜ਼ਬੂਤ ਨੀਹ ਹੈ। ਦੇਸ਼ ਦੇ ਸੈਨਿਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਰ ਪਲ ਮਾਂ ਭਾਰਤੀ ਦੀ ਰੱਖਿਆ ਲਈ ਤਤਪਰ ਰਹਿੰਦੇ ਹਨ, ਜੋ ਹਰ ਭਾਰਤੀ ਲਈ ਮਾਣ ਦੀ ਗੱਲ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਸੈਨਾ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਆਪਣੇ ਅਨੁਸ਼ਾਸਨ, ਮਨੁੱਖਤਾ ਅਤੇ ਰਾਸ਼ਟਰ ਪ੍ਰਤੀ ਅਟੱਲ ਵਿਸ਼ਵਾਸ ਨਾਲ ਵੀ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਉਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ, ਜਿਨ੍ਹਾਂ ਦਾ ਤਿਆਗ ਅਤੇ ਹੌਸਲਾ ਵੀ ਸੈਨਿਕਾਂ ਦੀ ਤਾਕਤ ਦਾ ਮਜ਼ਬੂਤ ਆਧਾਰ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਅਮਨ-ਅਮਾਨ, ਏਕਤਾ ਅਤੇ ਸੁਰੱਖਿਆ ਲਈ ਭਾਰਤੀ ਸੈਨਾ ਦਾ ਯੋਗਦਾਨ ਅਮੁੱਲ ਹੈ ਤੇ ਹਰ ਦੇਸ਼ਵਾਸੀ ਦਾ ਫਰਜ਼ ਹੈ ਕਿ ਉਹ ਸੈਨਿਕਾਂ ਦੇ ਸਨਮਾਨ ਅਤੇ ਮਰਿਆਦਾ ਨੂੰ ਸਦਾ ਉੱਚਾ ਰੱਖੇ।