ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਸਪੋਰਟਸ ਮੀਟ ਦਾ ਆਯੋਜਨ
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵਲੋਂ ਸਪੋਰਟਸ ਮੀਟ ਦਾ ਆਯੌਜਨ
Publish Date: Thu, 26 Feb 2026 07:41 PM (IST)
Updated Date: Thu, 26 Feb 2026 07:43 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ (ਆਰਈਸੀ), ਫਗਵਾੜਾ ਵੱਲੋਂ ਆਯੋਜਿਤ ਸਵਰਗੀ ਸ. ਭਰਪੂਰ ਸਿੰਘ ਭੋਗਲ ਯਾਦਗਾਰੀ ਦੋ ਰੋਜ਼ਾ ਸਪੋਰਟਸ ਮੀਟ 2026 ਦੀ ਅਕਾਲ ਸਟੇਡੀਅਮ, ਆਰਈਸੀ ਕੰਪਲੈਕਸ, ਸਤਨਾਮਪੁਰਾ ਵਿਖੇ ਬਹੁਤ ਉਤਸ਼ਾਹ ਨਾਲ ਸਮਾਪਤੀ ਹੋਈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਅਧੀਨ ਚੱਲ ਰਹੀਆਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਖਰੀ ਦਿਨ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਸਮਾਪਤੀ ਸਮਾਰੋਹ ਵਿਚ ਹੁਸ਼ਿਆਰਪੁਰ ਹਲਕੇ ਤੋਂ ਐੱਮਐੱਲਏ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਚੱਬੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਖਿਡਾਰੀਆਂ ਦੁਆਰਾ ਦਿਖਾਈ ਗਈ ਖੇਡ ਭਾਵਨਾ ਦੀ ਸ਼ਲਾਘਾ ਕੀਤੀ ਤੇ ਪੰਜਾਬ ਦੀ ਅਮੀਰ ਖੇਡ ਵਿਰਾਸਤ ਨੂੰ ਉਜਾਗਰ ਕੀਤਾ ਤੇ ਜ਼ੋਰ ਦਿੱਤਾ ਕਿ ਇਕ ਸਿਹਤਮੰਦ ਤੇ ਪ੍ਰਗਤੀਸ਼ੀਲ ਸਮਾਜ ਦੀ ਉਸਾਰੀ ਲਈ ਨੌਜਵਾਨਾਂ ਦੀ ਐਥਲੈਟਿਕਸ ਵਿਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹਰਨੂਰ ਸਿੰਘ ਮਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਰੰਗਲਾ ਪੰਜਾਬ ਵਿਕਾਸ ਫੰਡ ਵਿਚੋਂ ਸਪੋਰਟਸ ਵੈੱਲਫੇਅਰ ਲਈ ਪੰਜ ਲੱਖ ਦੀ ਰਾਸ਼ੀ ਵੀ ਦਿੱਤੀ। ਰਾਮ ਪਾਲ ਉੱਪਲ, ਮੇਅਰ, ਮਿਊਂਸਪਲ ਕਾਰਪੋਰੇਸ਼ਨ ਫਗਵਾੜਾ, ਗੁਰਦੀਪ ਸਿੰਘ, ਸਿਟੀ ਕੋਆਰਡੀਨੇਟਰ ਤੇ ਪਰਦੀਪ ਧੀਮਾਨ, ਪ੍ਰੈਜ਼ੀਡੈਂਟ,ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਤੇ ਕਾਰਜਕਾਰੀ ਮੈਂਬਰ ਵੀ ਇਸ ਸਮਾਗਮ ਵਿਚ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਆਖਰੀ ਦਿਨ ਬੜੇ ਦਿਲਚਸਪ ਖੇਡ ਮੁਕਾਬਲੇ ਹੋਏ, ਜਿਸ ਵਿਚ ਵਿਦਿਆਰਥੀਆਂ ਨੇ ਹੁਨਰ, ਦ੍ਰਿੜਤਾ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਟਰੈਕ ਈਵੈਂਟਸ ਵਿਚ ਸਪ੍ਰਿੰਟ, ਰੱਸਾਕਸ਼ੀ 100 ਮੀਟਰ ਤੇ 200 ਮੀਟਰ, ਰੀਲੇਅ ਦੌੜ ਤੇ ਲੰਬੀ ਦੂਰੀ ਦੀਆਂ ਦੌੜਾਂ ਸ਼ਾਮਲ ਸਨ, ਜਦਕਿ ਫੀਲਡ ਈਵੈਂਟਸ ਵਿਚ ਲੰਬੀ ਛਾਲ, ਉੱਚੀ ਛਾਲ, ਸ਼ਾਟ ਪੁੱਟ ਤੇ ਡਿਸਕਸ ਥ੍ਰੋ ਸ਼ਾਮਲ ਸਨ। ਭਾਗੀਦਾਰਾਂ ਨੇ ਤਾਕਤ, ਚੁਸਤੀ ਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਸਥਾ ਦੀਆਂ ਵਿਦਿਅਰਥਣਾਂ ਨੇ ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ। ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ, ਚੇਅਰਪਰਸਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਕਿਹਾ ਕਿ ਕੌਂਸਲ ਨੇ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਵਿਚ ਖੇਡ ਉੱਤਮਤਾ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਇਸ ਖਾਸ ਮੌਕੇ ਤੇ ਪਹੁੰਚਣ ਲਈ ਡਾ. ਇਸਾਂਕ ਕੁਮਾਰ ਚੱਬੇਵਾਲ ਦਾ ਧੰਨਵਾਦ ਕੀਤਾ ਤੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਰਗਰਮ ਸ਼ਮੂਲੀਅਤ ਲਈ ਭਾਗੀਦਾਰ ਸੰਸਥਾਵਾਂ, ਪ੍ਰਿੰਸੀਪਲਾਂ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਵਿਓਮਾ ਭੋਗਲ ਢੱਟ, ਡਾਇਰੈਕਟਰ, ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਤੇ ਸ਼੍ਰੀਮਤੀ ਰਵਨੀਤ ਸਿੰਘ ਭੋਗਲ ਕਾਲੜਾ, ਐਡਸ਼ੀਨਲ ਡਾਇਰੈਕਟਰ, ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਟਿਊਸ਼ਨਜ਼, ਇੰਜ. ਗਗਨਦੀਪ ਸਿੰਘ ਢੱਟ, ਐੱਮਡੀ ਅਲਫਾ ਗਲੋਬਲ ਇੰਟਰਪ੍ਰਾਈਜ਼ਿਜ਼ ਤੇ ਫਾਊਂਡਰ ਪ੍ਰੈਜ਼ੀਡੈਂਟ ਐੱਨਜੀਓ ਯੂਥ ਵਾਇਸ ਫਾਊਂਡੇਸ਼ਨ, ਗਗਨਦੀਪ ਸਿੰਘ ਕਾਲੜਾ ਇਸ ਮੌਕੇ ‘ਤੇ ਮੌਜੂਦ ਸਨ। ਇਸ ਸਮਾਗਮ ਵਿਚ ਆਰਈਸੀ ਦਫਤਰ ਦੇ ਕਾਰਜਕਾਰੀ ਮੈਂਬਰ ਗੁਰਮਿੰਦਰ ਸਿੰਘ ਬਾਹੜਾ, ਮੁਕੇਸ਼ ਕਾਂਤ, ਚੀਫ ਅਕਾਉਂਟੈਂਟ ਤੇ ਪ੍ਰੇਮ ਪਾਲ ਪੱਬੀ, ਲੀਗਲ ਐਡਵਾਈਜ਼ਰ ਨੇ ਵੀ ਆਪਣੀ ਹਾਜ਼ਰੀ ਲਗਵਾਈ। ਦੋ ਰੋਜ਼ਾ ਇਹ ਉੱਚ ਪੱਧਰੀ ਪ੍ਰੋਗਰਾਮ ਇਨਾਮਾਂ ਦੀ ਵੰਡ ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੁਆਰਾ ਖੇਡਾਂ ਨੂੰ ਸੰਪੂਰਨ ਸਿੱਖਿਆ ਦੇ ਇਕ ਅਨਿੱਖੜਵੇਂ ਅੰਗ ਵਜੋਂ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਨੂੰ ਰਾਜ ਤੇ ਰਾਸ਼ਟਰੀ ਪੱਧਰ ‘ਤੇ ਚਮਕਣ ਦੇ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਨਾਲ ਸਮਾਪਤ ਹੋਇਆ।