ਰਮਜ਼ਾਨ ਅਤੇ ਈਦ-ਉਲ-ਫਿਤਰ ਅੱਲ੍ਹਾ ਦੀ ਇਬਾਦਤ : ਸਬਾ
ਰਮਜ਼ਾਨ ਅਤੇ ਈਦ-ਉਲ-ਫਿਤਰ ਅੱਲ੍ਹਾ ਦੀ ਇਬਾਦਤ, ਲੋੜਵੰਦਾਂ ਲਈ ਹਮਦਰਦੀ ਅਤੇ ਭਾਈਚਾਰੇ ਦਾ ਪ੍ਰਤੀਕ : ਸਬਾ
Publish Date: Sat, 21 Mar 2026 07:44 PM (IST)
Updated Date: Sat, 21 Mar 2026 07:46 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਫਗਵਾੜਾ ਦੇ ਪਿੰਡ ਪਲਾਹੀ ਵਿਚ ਮਦੀਨਾ ਮਸਜਿਦ ਤੇ ਨਾਈਆਂ ਵਾਲਾ ਚੌਕ ਵਿਚ ਉਮਰ ਮਸਜਿਦ ਵਿਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਸਰਬਰ ਗੁਲਾਮ ਸਬਾ ਦੀ ਅਗਵਾਈ ਵਿਚ ਮੌਲਾਨਾ ਜ਼ਿਆ-ਉਲ-ਹੱਕ ਕਾਸਮੀ ਨੇ ਉਮਰ ਮਸਜਿਦ ਵਿਚ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕਰਵਾਈ ਤੇ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਪਲਾਹੀ ਦੀ ਮਦੀਨਾ ਮਸਜਿਦ ਵਿਚ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕਰਵਾਈ। ਸਰਬਰ ਗੁਲਾਮ ਸਬਾ ਨੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਅੱਲ੍ਹਾ ਦੀ ਇਬਾਦਤ ਕਰਨ ਤੇ ਲੋੜਵੰਦਾਂ ਲਈ ਹਮਦਰਦੀ ਦਿਖਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦਿਨ ਸਾਨੂੰ ਸਾਰੀਆਂ ਸ਼ਿਕਾਇਤਾਂ ਨੂੰ ਭੁੱਲ ਕੇ ਇਕ-ਦੂਜੇ ਨੂੰ ਗਲੇ ਲਗਾਉਣਾ ਚਾਹੀਦਾ ਹੈ ਤੇ ਪਿਆਰ ਦਾ ਸੰਦੇਸ਼ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਣਾ ਸਿਰਫ਼ ਭੁੱਖੇ ਰਹਿਣ ਬਾਰੇ ਨਹੀਂ ਹੈ, ਸਗੋਂ ਇਹ ਅੱਲ੍ਹਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇਕ ਤਰੀਕਾ ਵੀ ਹੈ। ਇਸ ਮੌਕੇ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਕਿਹਾ ਕਿ ਸਾਨੂੰ ਇਹ ਤਿਉਹਾਰ ਇਕੱਠੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਦ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿਚ 30 ਦਿਨ ਰੋਜ਼ੇ ਰੱਖਣ ਤੇ ਅੱਲ੍ਹਾ ਦੀ ਇਬਾਦਤ ਕਰਨ ਦੀ ਖੁਸ਼ੀ ਦਾ ਜਸ਼ਨ ਹੈ। ਉਨ੍ਹਾਂ ਇਸ ਮੌਕੇ ਦੇਸ਼ ਵਿਚ ਸ਼ਾਂਤੀ, ਸਦਭਾਵਨਾ ਤੇ ਭਾਈਚਾਰੇ ਲਈ ਵਿਸ਼ੇਸ਼ ਨਮਾਜ਼ ਵੀ ਅਦਾ ਕੀਤੀ। ਇਸ ਮੌਕੇ ਮਸਜਿਦ ਉਮਰ ਨਾਈਆਂ ਵਾਲਾ ਚੌਕ ਫਗਵਾੜਾ ਦੇ ਇਮਾਮ ਜ਼ਿਆ-ਉਲ-ਹੱਕ ਕਾਸਮੀ ਨੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਤੇ ਈਦ-ਉਲ-ਫਿਤਰ ਦੇ ਤਿਉਹਾਰ ਦੀਆਂ ਖੂਬੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ ਫਿਤਰ ਦੀ ਰਕਮ ਅਦਾ ਕਰਨ ਲਈ ਉਤਸ਼ਾਹਿਤ ਕੀਤਾ ਤੇ ਦੱਸਿਆ ਕਿ ਅਸੀਂ ਫਿਤਰ ਦੇ ਪੈਸੇ ਨਾਲ ਲੋੜਵੰਦਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਸੂਬੇ ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਈਦ-ਉਲ-ਫਿਤਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰੇ ਤਿਉਹਾਰ ਇਕੱਠੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਈਦ ਦੇ ਮੌਕੇ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਨਮਾਜ਼ ਦੌਰਾਨ ਸ਼ਾਨਦਾਰ ਪ੍ਰਬੰਧ ਕੀਤੇ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਤੇ ਅਬਦੁਲ ਰਸ਼ੀਦ, ਮੁਹੰਮਦ ਕਮਰੁਲ, ਮੁਹੰਮਦ ਕਸ਼ਿਪ, ਮੁਹੰਮਦ ਕੈਸਰ, ਮੁਹੰਮਦ ਆਰਜ਼ੂ, ਕਾਰੀ ਸ਼ੌਕੀਨ, ਪ੍ਰਸਿੱਧ ਪੰਜਾਬੀ ਗਾਇਕ ਇਮਰਾਨ ਖਾਨ ਉਰਫ਼ ਖਾਨ ਸਾਹਿਬ, ਇਕਬਾਲ ਮੁਹੰਮਦ, ਮੁਹੰਮਦ ਜਹਾਂਗੀਰ, ਮੁਹੰਮਦ ਫਰਿਆਦ ਤੇ ਮੁਹੰਮਦ ਫਿਰੋਜ਼ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਮੈਂਬਰ ਮੌਜੂਦ ਸਨ।