- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਹੋਈ ਬਰਸਾਤ ਤੋਂ

ਸਵੇਰੇ ਹੋਈ ਬਰਸਾਤ ਤੋਂ ਬਾਅਦ ਚੱਲੀਆਂ ਠੰਢੀਆਂ ਹਵਾਵਾਂ
ਕਣਕ ਦੀ ਫਸਲ ਲਈ ਫਾਇਦੇਮੰਦ ਹੈ ਬਰਸਾਤ
ਨਰੇਸ਼ ਕਦ, ਕਪੂਰਥਲਾ : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸਵੇਰੇ ਵੇਲੇ ਸਰਦੀਆਂ ਦੀ ਪਹਿਲੀ ਬਰਸਾਤ ਨਾਲ ਮੌਸਮ ਨੇ ਇਕਦਮ ਕਰਵਟ ਲਈ। ਲੰਬੇ ਸਮੇਂ ਬਾਅਦ ਹੋਈ ਬਰਸਾਤ ਨੇ ਮਾਹੌਲ ’ਚ ਨਮੀ ਵਧਾ ਦਿੱਤੀ। ਹਾਲਾਂਕਿ ਤੇਜ਼ ਬਰਫੀਲੀ ਹਵਾਵਾਂ ਨੇ ਕੋਹਰੇ ਨਾਲ ਮਿਲ ਕੇ ਕਾਂਬਾ ਹੋਰ ਤੇਜ਼ ਕਰ ਦਿੱਤਾ। ਵੀਰਵਾਰ ਨੂੰ ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ, ਜਿਸ ਨਾਲ ਠੰਢ ਦਾ ਅਸਰ ਪੂਰਾ ਦਿਨ ਰਿਹਾ। ਲੋਕ ਘਰਾਂ ’ਚ ਵੜੇ ਰਹੇ ਤੇ ਸਰਦੀ ਤੋਂ ਬਚਾਅ ਲਈ ਅੱਗ ਤੇ ਗਰਮ ਕੱਪੜਿਆਂ ਦਾ ਸਹਾਰਾ ਲੈਂਦੇ ਨਜ਼ਰ ਆਏ। ਤਾਪਮਾਨ ’ਚ ਇਹ ਵਾਧਾ ਭਾਵੇਂ ਹੀ ਰਾਹਤ ਵਰਗਾ ਲੱਗੇ ਪਰ ਹਵਾ ’ਚ ਨਮੀ ਤੇ ਕੋਹਰੇ ਦੇ ਕਾਰਨ ਠੰਢ ਦਾ ਅਹਿਸਾਸ ਕਿਤੇ ਜ਼ਿਆਦਾ ਰਿਹਾ। ਬਾਜ਼ਾਰਾਂ ’ਚ ਵੀ ਰੌਣਕ ਘੱਟ ਰਹਿਣ ਨਾਲ ਦੁਕਾਨਦਾਰੀ ਦੀ ਗਾਹਕੀ ’ਤੇ ਮਾੜਾ ਅਸਰ ਪਿਆ। ਸਰਦੀ ਦੇ ਮੌਸਮ ਦੀ ਇਹ ਪਹਿਲੀ ਬਰਸਾਤ ਮੰਨੀ ਜਾ ਰਹੀ ਹੈ। ਜਨਵਰੀ ਮਹੀਨੇ ਦੀ ਸ਼ੁਰੂਆਤ ’ਚ ਹੋਈ ਇਸ ਬਰਸਾਤ ਨਾਲ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਠੰਢ ਤੇ ਕੋਹਰੇ ਦਾ ਅਸਰ ਹੋਰ ਵਧ ਸਕਦਾ ਹੈ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਣਾ ਤੈਅ ਹੈ।
ਵੀਰਵਾਰ ਸਵੇਰ ਤੋਂ ਬਾਅਦ ਮੁੜ ਬਰਸਾਤ ਨਾ ਹੋਣ ਨਾਲ ਦੇਰ ਰਾਤ ਨੂੰ ਮੌਸਮ ਠੀਕ ਰਿਹਾ ਪਰ ਠੰਢ ਤੇ ਕਾਂਬਾ ਬਰਕਰਾਰ ਰਿਹਾ, ਜਿਸ ਨਾਲ ਸ਼ੁੱਕਰਵਾਰ ਨੂੰ ਮੌਸਮ ਦੇ ਕੁਝ ਹੱਦ ਤੱਕ ਸਾਫ ਰਹਿਣ ਦੀ ਉਮੀਦ ਹੈ। ਠੰਢ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਸ਼ਹਿਰ ਤੇ ਦਿਹਾਤੀ ਇਲਾਕਿਆਂ ’ਚ ਜਗ੍ਹਾ-ਜਗ੍ਹਾ ਲੋਕ ਅੱਗ ਸੇਕਦੇ ਨਜ਼ਰ ਆਏ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਸਾਵਧਾਨੀ ਵਰਤਨਾ ਹੀ ਫਿਲਹਾਲ ਸਭ ਤੋਂ ਬਿਹਤਰ ਉਪਾਅ ਮੰਨਿਆ ਜਾ ਰਿਹਾ ਹੈ। ਜਿਥੇ ਆਮ ਲੋਕਾਂ ਲਈ ਇਹ ਮੌਸਮ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ, ਉਥੇ ਕਿਸਾਨ ਬਲਬੀਰ ਸਿੰਘ, ਬਚਿੱਤਰ ਸਿੰਘ, ਕੁਲਦੀਪ ਸਿੰਘ ਅਨੁਸਾਰ ਇਹ ਬਰਸਾਤ ਖੇਤੀਬਾੜੀ ਲਈ ਫਾਇਦੇਮੰਦ ਹੈ। ਇਹ ਕਣਕ ਦੀ ਫਸਲ ਲਈ ਖਾਸ ਤੌਰ ’ਤੇ ਫਾਇਦੇਮੰਦ ਹੈ। ਜ਼ਿਲ੍ਹਾ ਖੇਤੀ ਅਧਿਕਾਰੀ ਡਾ. ਐੱਚਐੱਸ ਭਰੋਤ ਨੇ ਦੱਸਿਆ ਕਿ ਹਲਕੀ ਬੂੰਦਾਬਾਂਦੀ ਫਸਲਾਂ ਲਈ ਨਾਈਟਰੋਜਨ ਦਾ ਕੰਮ ਕਰਦੀ ਹੈ। ਜੇ ਅੱਗੇ ਚੰਗਾ ਮੀਂਹ ਪੈਂਦਾ ਹੈ ਤਾਂ ਇਹ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਨਾਲ ਖੇਤਾਂ ’ਚ ਨਮੀ ਬਣੀ ਰਹੇਗੀ ਤੇ ਫਸਲਾਂ ਦੀ ਪੈਦਾਵਰ ਵਧੇਗੀ।
ਰੈਣ ਬਸੇਰਾ ’ਚ 70 ਲੋਕਾਂ ਨੂੰ ਮਿਲੀ ਪਨਾਹ
ਨਗਰ ਨਿਗਮ ਦੇ ਐੱਸਓ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਾਲੀਮਾਰ ਐਵੇਨਿਊ ’ਚ ਨਗਰ ਨਿਗਮ ਵੱਲੋਂ ਬਣਾਏ ਰੈਣ ਬਸੇਰਾ ’ਚ ਹੁਣ ਤੱਕ 70 ਲੋਕ ਪਨਾਹ ਲੈ ਚੁੱਕੇ ਹਨ। ਇਸ ਸਮੇਂ ਵੀ ਕੁਝ ਲੋਕ ਇਥੇ ਰਾਤ ਦੇ ਸਮੇਂ ਠਹਿਰਨ ਆਉਂਦੇ ਹਨ। ਇਥੇ ਉਨ੍ਹਾਂ ਨੂੰ ਸੌਣ ਲਈ ਗਰਮ ਬਿਸਤਰੇ ਤੇ ਨਹਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ।
ਠੰਢ ਤੋਂ ਬੱਚਿਆਂ-ਬਜ਼ੁਰਗਾਂ ਨੂੰ ਬਚਾਓ : ਐੱਸਐੱਮਓ
ਸਿਵਲ ਹਸਪਤਾਲ ਕਪੂਰਥਲਾ ਦੀ ਐੱਸਐੱਮਓ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਰਦੀ ਬੱਚਿਆਂ ਤੇ ਬਜ਼ੁਰਗਾਂ ਲਈ ਸਹੀ ਨਹੀਂ ਹੈ। ਜਿਸ ਤਰ੍ਹਾਂ ਦੀ ਠੰਢ ਪੈ ਰਹੀ ਹੈ ਤੇ ਕੋਹਰਾ ਡਿੱਗ ਰਿਹਾ ਹੈ, ਇਸ ਨਾਲ ਬੱਚੇ ਤੇ ਬਜ਼ੁਰਗ ਛੇਤੀ ਬਿਮਾਰ ਹੁੰਦੇ ਹਨ। ਮੀਂਹ ਨਾਲ ਵੀ ਠੰਢ ਤੇ ਕਾਂਬਾ ਵਧਿਆ ਹੈ। ਇਸ ਲਈ ਅਜਿਹੇ ਮੌਸਮ ’ਚ ਬਿਨਾ ਕਾਰਨ ਘਰ ਤੋਂ ਬਾਹਰ ਬੱਚਿਆਂ ਨੂੰ ਨਾ ਜਾਣ ਦਿਓ।