ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਭਰਿਆ ਪਾਣੀ
ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਭਰਿਆ ਪਾਣੀ
Publish Date: Fri, 23 Jan 2026 06:42 PM (IST)
Updated Date: Fri, 23 Jan 2026 06:45 PM (IST)
ਅਮਰੀਕ ਮੱਲ੍ਹੀ/ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਬੀਤੀ ਰਾਤ ਤੋਂ ਹੀ ਪੰਜਾਬ ਤੇ ਆਲੇ-ਦੁਆਲੇ ਦੇ ਸੂਬਿਆਂ ਦੇ ਨਾਲ-ਨਾਲ ਕਪੂਰਥਲਾ ਵਿਚ ਵੀ ਲਗਾਤਾਰ ਮੀਂਹ ਦਾ ਦੌਰ ਜਾਰੀ ਰਿਹਾ। ਕਪੂਰਥਲਾ ਵਿਚ ਵੀਰਵਾਰ ਦੀ ਪੂਰੀ ਰਾਤ ਤੇ ਸ਼ੁੱਕਰਵਾਰ ਨੂੰ ਹੋਈ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਸਾਰੇ ਇਲਾਕੇ ਜਲਥਲ ਹੋ ਗਏ। ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਸੀ। ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਹੇਠਾਂ ਆਇਆ ਹੈ। ਮੀਂਹ ਕਾਰਨ ਨਾ ਸਿਰਫ਼ ਮੌਸਮ ਠੰਡਾ ਹੋਇਆ ਸਗੋਂ ਅੱਜ ਬਸੰਤ ਪੰਚਮੀ ਹੋਣ ਕਾਰਨ ਨੌਜਵਾਨਾਂ ਅਤੇ ਬੱਚਿਆਂ ਦਾ ਉਤਸ਼ਾਹ ਵੀ ਫਿੱਕਾ ਪੈ ਗਿਆ। ਪੂਰੀ ਰਾਤ ਪਈ ਬਾਰਿਸ਼ ਦੇ ਕਾਰਨ ਕਪੂਰਥਲਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸੀਵਰੇਜ ਬੰਦ ਹੋਣ ਦੇ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਿਆ ਵੀ ਨਜ਼ਰ ਆਇਆ, ਇਸ ਤੋਂ ਪ੍ਰੇਸ਼ਾਨ ਲੋਕ ਨਗਰ ਨਿਗਮ ਨੂੰ ਕੌਸਦੇ ਨਜ਼ਰ ਆਏ। ਸ਼ਹਿਰ ਦੇ ਨੀਵੇਂ ਮੁਹੱਲਿਆਂ ਦੀਆਂ ਸੜਕਾਂ ਨੇ ਨਦੀ ਦਾ ਰੂਪ ਧਾਰਨ ਕਰ ਲਿਆ। ਥਾਣਾ ਸਿਟੀ ਤੋਂ ਲੈ ਕੇ ਮਾਰਕਫੈੱਡ ਚੌਂਕ ਤੱਕ ਲੱਗਪਗ ਇਕ ਕਿਲੋਮੀਟਰ ਤੱਕ ਪੂਰੇ ਇਲਾਕੇ ਵਿਚ ਜਗ੍ਹਾ-ਜਗ੍ਹਾ ਪਾਣੀ ਭਰਿਆ ਨਜ਼ਰ ਆਇਆ। ਕਚਿਹਰੀ ਚੌਂਕ, ਕੋਟੂ ਚੌਂਕ, ਜੱਟਪੁਰਾ, ਮਾਲ ਰੋਡ, ਕਾਲਜ ਰੋਡ, ਸਿਵਲ ਹਸਪਤਾਲ, ਪੁਰਾਣੀ ਸਬਜ਼ੀ ਮੰਡੀ, ਨਵੀਂ ਸਬਜ਼ੀ ਮੰਡੀ, ਚਾਰਬੱਤੀ ਚੌਂਕ, ਮਾਰਕਫੈੱਡ ਚੌਂਕ ਦੇ ਇਲਾਵਾ ਮੁਹੱਲਿਆਂ ਦੀਆਂ ਗਲੀਆਂ ਵਿਚ ਥਾਂ-ਥਾਂ ਪਾਣੀ ਭਰਿਆ ਦੇਖਿਆ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਆਲੂਆਂ ਦੀ ਫ਼ਸਲ ਵਿਚ ਪੂਰੀ ਰਾਤ ਪਈ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ ਤੇ ਬਹੁਤ ਸਾਰੇ ਕਿਸਾਨ ਆਪਣੀ ਆਲੂਆਂ ਦੀ ਫ਼ਸਲ ਵਿਚੋਂ ਟੋਏ ਮਾਰ ਕੇ ਪਾਣੀ ਕੱਢਦੇ ਦੇਖੇ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਗੁਰਮੀਤ ਸਿੰਘ ਤੇ ਨਿਰਮਲ ਸਿੰਘ ਨੇ ਦੱਸਿਆ ਕਿ ਜਿਹੜੇ ਆਲੂ ਪੁਟਾਈ ਲਈ ਤਿਆਰ ਹਨ ਤੇ ਪਾਣੀ ਖੜ੍ਹ ਗਿਆ ਹੈ, ਉਨ੍ਹਾਂ ਲਈ ਮੀਂਹ ਨੁਕਸਾਨਦੇਹ ਹੈ ਜਦਕਿ ਜਿਨ੍ਹਾਂ ਨੇ ਆਲੂਆਂ ਦੀ ਫ਼ਸਲ ਪਛੇਤੀ ਲਗਾਈ ਹੋਈ ਹੈ, ਉਨ੍ਹਾਂ ਨੂੰ ਇਸ ਮੀਂਹ ਦਾ ਕੋਈ ਨੁਕਸਾਨ ਨਹੀਂ ਹੈ।