ਪੰਜਾਬੀ ਕਵੀ ਚਾਂਦ ਨੂੰ ਸਕੇਪ ਸੰਸਥਾ ਨੇ ਕੀਤਾ ਸਨਮਾਨਿਤ
ਪੰਜਾਬੀ ਕਵੀ ਕਵਿੰਦਰ ਚਾਂਦ, ਕੈਨੇਡਾ ਨੂੰ ਸਕੇਪ ਸੰਸਥਾ ਵੱਲੋਂ ਕੀਤਾ ਸਨਮਾਨਿਤ
Publish Date: Mon, 16 Feb 2026 07:18 PM (IST)
Updated Date: Mon, 16 Feb 2026 07:21 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਡਾ. ਜਗੀਰ ਸਿੰਘ ਨੂਰ ਦੀ ਪੁਸਤਕ “ਤਕਦੀਰ ਦੀ ਸਿਰਜਣਾ” ਲੋਕ ਅਰਪਣ ਕੀਤੀ ਗਈ। ਇਸ ਭਰਵੇਂ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਕਵਿੰਦਰ ਚਾਂਦ ਕੈਨੇਡਾ, ਅਜਾਇਬ ਸਿੰਘ ਸੰਘਾ ਕੈਨੇਡਾ, ਡਾ. ਕੁਲਦੀਪ ਸਿੰਘ, ਡਾ. ਜਗੀਰ ਸਿੰਘ ਨੂਰ, ਡਾ. ਗੁਰਪ੍ਰੀਤ ਕੌਰ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਤੇ ਸਭਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿਚ ਕਹਾਣੀਕਾਰ ਲਾਲ ਸਿੰਘ ਦਸੂਹਾ ਤੇ ਪੱਤਰਕਾਰ ਅਸ਼ੋਕ ਸ਼ਰਮਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਹਾਜ਼ਰੀਨ ਵੱਲੋਂ ਸ਼ਰਧਾਜਲੀ ਦਿੱਤੀ ਗਈ। ਉਪਰੰਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਹਾਜ਼ਰ ਪ੍ਰਧਾਨਗੀ ਮੰਡਲ ਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਫ਼ਿਕਰ ਜਤਾਇਆ ਕਿ ਪੰਜਾਬੀ ਵਿਚ ਪਾਠਕਾਂ ਦੀ ਗਿਣਤੀ ਬਹੁਤ ਘੱਟਦੀ ਜਾ ਰਹੀ ਹੈ। ਨਵੀਂ ਪੀੜੀ ਨੂੰ ਤਾਂ ਸ਼ੋਸ਼ਲ ਮੀਡੀਆ ਤੋਂ ਵਹਿਲ ਨਹੀਂ ਮਿਲਦੀ ਤੇ ਉਹ ਪੁਸਤਕਾਂ ਵੱਲ ਮੂੰਹ ਨਹੀਂ ਕਰਦੇ। ਰਵਿੰਦਰ ਚੋਟ ਵੱਲੋਂ “ਤਕਦੀਰ ਦੀ ਸਿਰਜਣਾ” ਪੁਸਤਕ ਨਾਲ ਜਾਣ ਪਛਾਣ ਕਰਵਾਈ ਗਈ। ਕੈਨੇਡਾ ਵਸਦੇ ਪੰਜਾਬੀ ਦੇ ਪ੍ਰਸਿੱਧ ਕਵੀ ਕਵਿੰਦਰ ਚਾਂਦ ਬਾਰੇ ਬਲਦੇਵ ਰਾਜ ਕੋਮਲ ਨੇ ਭਰਪੂਰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਦੀ ਪੁਸਤਕ “ਮੁਆਫ਼ੀਨਾਮਾ” ਦਾ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਤਰਜਮਾ ਹੋ ਚੁੱਕਾ ਹੈ। ਸਕੇਪ ਸਾਹਿਤਕ ਸੰਸਥਾ ਵੱਲੋਂ ਕਵਿੰਦਰ ਚਾਂਦ ਦੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਅਦਭੁੱਤ ਰਚਨਾਵਾਂ ਲਈ ਸਨਮਾਨਿਤ ਕੀਤਾ ਗਿਆ। ਡਾ. ਕੁਲਦੀਪ ਸਿੰਘ (ਸਵੀਡਨ), ਵਿਸ਼ੇਸ਼ ਮਹਿਮਾਨ ਅਜਾਇਬ ਸਿੰਘ ਸੰਘਾ ਕੈਨੇਡਾ ਤੇ ਡਾ. ਗੁਰਪ੍ਰੀਤ ਕੌਰ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਸਮੇਂ ਹੋਏ ਕਵੀ ਦਰਬਾਰ ਵਿਚ ਬਲਦੇਵ ਰਾਜ ਕੋਮਲ, ਕਮਲੇਸ਼ ਸੰਧੂ, ਜਸਵਿੰਦਰ ਕੌਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਲਸ਼ਕਰ ਢਡਵਾੜਵੀ, ਸੋਹਣ ਸਹਿਜਲ, ਡਾ. ਇੰਦਰਜੀਤ ਸਿੰਘ ਵਾਸੂ, ਦਲਜੀਤ ਮਹਿਮੀ, ਸੁਖਦੇਵ ਗੰਢਮਾ, ਹਰਜਿੰਦਰ ਨਿਆਣਾ, ਮਨੋਜ ਫਗਵਾੜਵੀ, ਕੁਲਦੀਪ ਸਿੰਘ ਚੰਦੀ, ਅਨਿਲ ਕੁਮਾਰ ਆਦਿ ਕਵੀਆਂ ਨੇ ਆਪਣੇ ਕਲਾਮ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਸਮੇਂ ਪ੍ਰਿੰ. ਕੁਲਵੰਤ ਸਿੰਘ ਫੁੱਲ, ਪ੍ਰਿੰ. ਗੁਰਨਾਮ ਸਿੰਘ, ਡਾ. ਪਰਮਜੀਤ ਕੌਰ ਨੂਰ, ਗੁਰਮੀਤ ਸਿੰਘ ਨੈਸ਼ਨਲ ਐਵਾਰਡੀ, ਦਲਜੀਤ ਕੌਰ ਚਾਨਾ, ਪ੍ਰੋ. ਬਵਨਜੋਤ ਸਿੰਘ, ਮਾਸਟਰ ਮਨਦੀਪ ਸਿੰਘ, ਨਿਰਭੈਰ ਸਿੰਘ ਆਦਿ ਹਾਜ਼ਰ ਹਨ। ਡਾ. ਜਗੀਰ ਸਿੰਘ ਨੂਰ ਨੇ ਆਪਣੀ ਪੁਸਤਕ ਤੇ ਹੋਰ ਲੇਖਣੀ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਅੰਤ ਵਿਚ ਡਾ. ਐੱਸਐੱਲ ਵਿਰਦੀ ਐਡਵੋਕੇਟ ਵੱਲੋਂ ਸਾਰੇ ਹਾਜ਼ਰ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।