- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ 'ਪੰਜਾਬ ਦੀ ਟੀਮ ਬਾਹਰ ਹੋਣ ਕਿਨਾਰੇ

14ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ’ਚ ਹਿੱਸਾ ਨਹੀਂ ਲੈ ਸਕੇਗਾ ਪੰਜਾਬ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਦੀ ਟੀਮ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ 6 ਤੋਂ 9 ਜਨਵਰੀ 2026 ਤੱਕ ਹੋਣ ਜਾ ਰਹੀ 14ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੇਗੀ। ਪੰਜਾਬ ਦੇ ਖਿਡਾਰੀਆਂ ਨਾਲ ਵੱਡਾ ਖਿਲਵਾੜ ਸਾਹਮਣੇ ਆਇਆ ਹੈ। ਪੰਜਾਬ ਟੀਮ ਚੁਣਨ ਵਾਸਤੇ ਰੋਪੜ ਵਿਚ 22 ਤੋਂ 24 ਦਸੰਬਰ 2025 ਨੂੰ ਟਰਾਇਲ ਰੱਖੇ ਗਏ ਸਨ। ਜਾਣਕਾਰੀ ਅਨੁਸਾਰ ਇਹ ਟਰਾਇਲ ਪ੍ਰਬੰਧਕਾਂ ਦੀ ਖਹਿਬਾਜ਼ੀ ਕਾਰਣ ਅਚਾਨਕ ਬਿਨਾਂ ਕਿਸੇ ਸੂਚਨਾ ਦੇ ਮੁਲਤਵੀ ਕਰ ਦਿੱਤੇ ਗਏ, ਜਿਸ ਕਾਰਨ ਸੈਂਕੜੇ ਖਿਡਾਰੀ ਦੁਚਿੱਤੀ ਵਿਚ ਫਸ ਗਏ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਨ੍ਹਾਂ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਦੀ ਟੀਮ ਨੂੰ ਇਸ ਚੈਪੀਅਨਸ਼ਿਪ ਵਿਚ ਭੇਜਣ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਟਰਾਇਲ ਰੱਦ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਖਿਡਾਰੀਆਂ ਦੀ ਮਿਹਨਤ ਨਾਲ ਹੋਏ ਖਿਲਵਾੜ ਲਈ ਬੱਚਿਆਂ ਨੂੰ ਇਨਸਾਫ ਮਿਲ ਸਕੇ। ਟਰਾਇਲ ਤੋਂ ਵਾਪਸ ਪਰਤੇ ਖਿਡਾਰੀਆਂ ਅਤੇ ਕੋਚਾਂ ਮੁਤਾਬਕ ਅਜੇ ਵੀ ਪੰਜਾਬ ਟੀਮ ਇਸ ਚੈਪੀਅਨਸ਼ਿਪ ਵਿਚ ਭਾਗ ਲੈਣ ਲਈ ਜਾ ਸਕਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸ਼ਤੀਆਂ ਦੇ ਕੋਚ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਕੁਝ ਕਾਰਨਾਂ ਕਰਕੇ ਪੰਜਾਬ ਦੀ ਟੀਮ ਕੌਮੀ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈ ਰਹੀ।
ਸੁਲਤਾਨਪੁਰ ਲੋਧੀ ਵਿਚ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਬਹੁਤ ਹੀ ਸਖ਼ਤ ਅਭਿਆਸ ਕਰਵਾਇਆ ਸੀ ਪਰ ਜਦੋਂ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 150–200 ਖਿਡਾਰੀ ਆਪਣੇ ਖਰਚੇ ‘ਤੇ ਰੋਪੜ ਪਹੁੰਚੇ, ਤਾਂ ਉੱਥੇ ਨਾ ਟਰਾਇਲ ਹੋਏ ਅਤੇ ਨਾ ਹੀ ਕੋਈ ਅਗਲੀ ਤਰੀਖ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਾਮਲੇ ‘ਚ ਕੋਈ ਵੀ ਸਬੰਧਤ ਅਧਿਕਾਰੀ ਜਾਂ ਫੈੱਡਰੇਸ਼ਨ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸੰਤ ਸੀਚੇਵਾਲ ਵੱਲੋਂ ਜਦੋਂ ਅਧਿਕਾਰੀਆਂ ਨਾਲ ਇਸ ਬਾਬਤ ਫੋਨ 'ਤੇ ਗੱਲ ਕੀਤੀ ਗਈ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਪ੍ਰਬੰਧਕਾਂ ਦੀ ਇਸ ਲਾਪ੍ਰਵਾਹੀ ਕਾਰਨ ਪੰਜਾਬ ਭਰ ਦੇ ਖਿਡਾਰੀਆਂ ਵਿਚ ਨਿਰਾਸ਼ਾ ਦਾ ਆਲਮ ਦੱਸਿਆ ਜਾ ਰਿਹਾ ਹੈ।
ਕੋਚ ਖਹਿਰਾ ਨੇ ਦੱਸਿਆ ਕਿ ਇਹੋ ਖਿਡਾਰੀ 13ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ (ਦਿੱਲੀ) ਵਿਚ ਪੰਜਾਬ ਲਈ 5 ਸੋਨੇ, 8 ਚਾਂਦੀ ਅਤੇ 10 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਦੂਜੇ ਸਥਾਨ ‘ਤੇ ਰਹੇ ਸਨ। ਇਸ ਵਾਰ ਵੀ ਖਿਡਾਰੀਆਂ ਨੇ ਠੰਢ ‘ਚ ਪਾਣੀ ਵਿਚ ਉਤਰ ਕੇ ਸਖ਼ਤ ਅਭਿਆਸ ਕੀਤਾ ਸੀ ਪਰ ਹੁਣ ਟੀਮ ਨਾ ਜਾਣ ਦੇ ਡਰ ਨਾਲ ਰੋਸ ਅਤੇ ਨਿਰਾਸ਼ਾ ਫੈਲੀ ਹੋਈ ਹੈ।